ਕੈਨੇਡਾ 'ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਦੇਖਦੇ ਹਾਂ, ਅਸੀਂ ਉੱਥੇ ਵੀਜ਼ਾ ਜਾਰੀ ਕਰਨਾ ਫਿਰ ਤੋਂ ਸ਼ੁਰੂ ਕਰਨਾ ਚਾਹਾਂਗੇ : ਵਿਦੇਸ਼ ਮੰਤਰੀ ਜੈਸ਼ੰਕਰ

ਨਵੀਂ ਦਿੱਲੀ, 22 ਅਕਤੂਬਰ : ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਕੈਨੇਡਾ ਨੇ ਵੀ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਬਾਹਰ ਕੱਢ ਲਿਆ ਹੈ। ਇਸ ਸਭ ਦੇ ਵਿਚਕਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਇਸ ਸਮੇਂ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਸਮੱਸਿਆਵਾਂ ਕੈਨੇਡੀਅਨ ਰਾਜਨੀਤੀ ਦੇ ਕੁਝ ਹਿੱਸਿਆਂ ਨਾਲ ਹਨ। ਜੈਸ਼ੰਕਰ ਨੇ ਕਿਹਾ ਕਿ ਜੇਕਰ ਅਸੀਂ ਕੈਨੇਡਾ 'ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ 'ਚ ਪ੍ਰਗਤੀ ਦੇਖਦੇ ਹਾਂ ਤਾਂ ਅਸੀਂ ਉੱਥੇ ਵੀਜ਼ਾ ਜਾਰੀ ਕਰਨਾ ਫਿਰ ਤੋਂ ਸ਼ੁਰੂ ਕਰਨਾ ਚਾਹਾਂਗੇ। ਭਾਰਤ ਵਿੱਚ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਨੂੰ ਘਟਾਉਣ ਬਾਰੇ ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਆਨਾ ਕਨਵੈਨਸ਼ਨ ਨੇ ਬਹੁਤ ਜ਼ਿਆਦਾ ਕੂਟਨੀਤਕ ਸਮਾਨਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬਰਾਬਰੀ ਦੀ ਮੰਗ ਕੀਤੀ ਹੈ, ਕਿਉਂਕਿ ਅਸੀਂ ਕੈਨੇਡੀਅਨ ਕਰਮਚਾਰੀਆਂ ਦੁਆਰਾ ਸਾਡੇ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਤੋਂ ਚਿੰਤਤ ਸੀ। ਦਰਅਸਲ ਸ਼ੁੱਕਰਵਾਰ ਦੇਰ ਰਾਤ ਅਮਰੀਕਾ ਅਤੇ ਬ੍ਰਿਟੇਨ ਨੇ ਭਾਰਤ 'ਚ ਕੈਨੇਡੀਅਨ ਡਿਪਲੋਮੈਟਾਂ ਨੂੰ ਹਟਾਉਣ ਦੇ ਫੈਸਲੇ 'ਤੇ ਚਿੰਤਾ ਜ਼ਾਹਰ ਕੀਤੀ ਸੀ। ਦੋਵਾਂ ਦੇਸ਼ਾਂ ਨੇ ਕਿਹਾ ਕਿ ਭਾਰਤ ਨੂੰ ਵਿਆਨਾ ਸਮਝੌਤੇ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਭਾਰਤ ਆਪਣੇ ਸਟੈਂਡ 'ਤੇ ਕਾਇਮ ਹੈ। ਜ਼ਿਕਰਯੋਗ ਹੈ ਕਿ ਖ਼ਾਲਿਸਤਾਨ ਪੱਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ 'ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਨਿੱਝਰ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਖਟਾਸ ਆ ਗਈ।