ਹੈਕਰਾ ਨੇ 48.7 ਕਰੋੜ ਵੱਟਸ ਐਪ ਯੂਜ਼ਰਸ ਦਾ ਡਾਟਾ ਹੈਕ ਕਰਕੇ ਵੇਚਣ ਲਈ ਇੰਟਰਨੈੱਟ ‘ਤੇ ਵਿਕਰੀ ਲਈ ਕੀਤਾ ਜਾਰੀ

ਨਵੀਂ ਦਿੱਲੀ : ਹੈਕਰਾਂ ਨੇ ਦੁਨੀਆ ਭਰ ਦੇ 48.7 ਕਰੋੜ ਵੱਟਸ ਐਪ ਯੂਜ਼ਰਸ ਦਾ ਡਾਟਾ ਹੈਕ ਕਰਕੇ ਇੰਟਰਨੈੱਟ ‘ਤੇ ਵਿਕਰੀ ਲਈ ਜਾਰੀ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 61.62 ਲੱਖ ਫ਼ੋਨ ਨੰਬਰ ਭਾਰਤੀਆਂ ਦੇ ਹਨ। ਇਸ ਡਾਟਾ ਵਿੱਚ ਫ਼ੋਨ ਨੰਬਰ, ਦੇਸ਼ ਦਾ ਨਾਮ ਅਤੇ ਖੇਤਰ ਕੋਡ ਸ਼ਾਮਲ ਹੁੰਦਾ ਹੈ। ਸਾਰਾ ਡਾਟਾ ਐਕਟਿਵ ਯੂਜ਼ਰਸ ਦਾ ਹੈ। 16 ਨਵੰਬਰ ਨੂੰ ਜਾਰੀ ਕੀਤੇ ਗਏ ਡਾਟਾ ਵਿੱਚ 84 ਦੇਸ਼ਾਂ ਦੇ ਨਾਗਰਿਕਾਂ ਦੀ ਜਾਣਕਾਰੀ ਹੈ। ਜਾਣਕਾਰੀ ਮੁਤਾਬਕ ਦੇਸ਼ਾਂ ਦੇ ਹਿਸਾਬ ਨਾਲ ਨੰਬਰਾਂ ਦੀਆਂ ਸ਼੍ਰੇਣੀਆਂ ਬਣਾਈਆਂ ਅਤੇ ਵੇਚੀਆਂ ਜਾ ਰਹੀਆਂ ਹਨ। 84 ਦੇਸ਼ਾਂ ‘ਚੋਂ ਸਭ ਤੋਂ ਜ਼ਿਆਦਾ 4.48 ਕਰੋੜ ਯੂਜ਼ਰਸ ਦਾ ਡਾਟਾ ਮਿਸਰ ਦਾ ਹੈ। ਇਸ ਤੋਂ ਬਾਅਦ ਇਟਲੀ ਦੇ 3.56 ਕਰੋੜ, ਅਮਰੀਕਾ ਦੇ 3.23 ਕਰੋੜ, ਸਾਊਦੀ ਅਰਬ ਦੇ 2.88 ਕਰੋੜ ਅਤੇ ਫਰਾਂਸ ਦੇ 1.98 ਕਰੋੜ ਯੂਜ਼ਰਸ ਦਾ ਡਾਟਾ ਸ਼ਾਮਲ ਹੈ। ਹੈਕ ਹੋਣ ਵਾਲੇ ਯੂਜ਼ਰਸ ਦੀ ਸੂਚੀ ‘ਚ ਭਾਰਤ 25ਵੇਂ ਨੰਬਰ ‘ਤੇ ਹੈ। ਕੁਝ ਸਾਈਬਰ ਮਾਹਰਾਂ ਦਾ ਅੰਦਾਜ਼ਾ ਹੈ ਕਿ ਇਹ ਕੰਮ ਸਕ੍ਰੈਪਿੰਗ ਹੈਕਿੰਗ ਤਕਨੀਕ ਦੁਆਰਾ ਕੀਤਾ ਗਿਆ ਸੀ। ਇਸ ਤਕਨੀਕ ਵਿੱਚ ਵੱਡੀ ਗਿਣਤੀ ਵਿੱਚ ਔਨਲਾਈਨ ਪਲੇਟਫਾਰਮ ਯੂਜ਼ਰਸ ਦੀ ਜਾਣਕਾਰੀ ਨੂੰ ਇੱਕ ਪ੍ਰੋਗਰਾਮ ਰਾਹੀਂ ਚੋਰੀ ਕਰਕੇ ਸਟੋਰ ਕੀਤਾ ਜਾਂਦਾ ਹੈ। ਅਜਿਹੀ ਗਤੀਵਿਧੀ ਵੱਟਸ ਐਪ ਕੰਪਨੀ ਦੇ ਯੂਜ਼ਰਸ ਨਿਯਮਾਂ ਦੀ ਉਲੰਘਣਾ ਹੈ, ਵੱਟਸ ਐਪ ਕੰਪਨੀ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।