ਪਟਾਕਾ ਫੈਕਟਰੀ 'ਚ ਧਮਾਕਾ 8 ਲੋਕਾਂ ਦੀ ਮੌਤ, ਪੀਐੱਮ ਮੋਦੀ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ 

ਤਾਮਿਲਨਾਡੂ, 29 ਜੁਲਾਈ : ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋਇਆ ਹੈ। ਇਸ ਵਿੱਚ 8 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਫਿਲਹਾਲ ਇਸ ਮਾਮਲੇ 'ਤੇ ਕੋਈ ਅਪਡੇਟ ਨਹੀਂ ਹੈ। ਪਟਾਕਿਆਂ ਦੀ ਫੈਕਟਰੀ 'ਚ ਹੋਏ ਜ਼ਬਰਦਸਤ ਧਮਾਕੇ 'ਚ 3 ਔਰਤਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਪਜ਼ਯਾਪੇੱਟਾਈ 'ਚ ਪਟਾਕੇ ਬਣਾਉਣ ਵਾਲੇ ਗੁਦਾਮ 'ਚ ਅਚਾਨਕ ਹੋਏ ਧਮਾਕੇ 'ਚ ਕਈ ਲੋਕ ਜ਼ਖਮੀ ਵੀ ਹੋ ਗਏ। ਪੁਲਿਸ ਨੇ ਦੱਸਿਆ ਕਿ ਧਮਾਕੇ ਦੇ ਪ੍ਰਭਾਵ ਕਾਰਨ ਯੂਨਿਟ ਦੇ ਨੇੜੇ ਮਕਾਨਾਂ ਅਤੇ ਕੁਝ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਅਤੇ ਅੱਗ ਬੁਝਾਊ ਅਤੇ ਬਚਾਅ ਸੇਵਾ ਦੇ ਕਰਮਚਾਰੀ ਪ੍ਰਭਾਵਿਤਾਂ ਨੂੰ ਬਚਾਉਣ ਲਈ ਮੌਕੇ 'ਤੇ ਪਹੁੰਚ ਗਏ ਹਨ। ਯੂਨਿਟ ਵਿਚ ਕਰੀਬ 12-15 ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਵਿਚੋਂ ਕਈ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਧਮਾਕੇ ਕਾਰਨ ਲੱਗੀ ਅੱਗ ਨੇ ਨੇੜਲੇ ਘਰਾਂ ਅਤੇ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਤਿੰਨ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਕ ਹੋਟਲ ਵੀ ਸੀ, ਜਿਸ ਦੀ ਕੰਧ ਢਹਿ ਗਈ।  ਪੁਲਿਸ, ਫਾਇਰ ਬ੍ਰਿਗੇਡ ਅਤੇ ਬਚਾਅ ਸੇਵਾ ਦੇ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਕ੍ਰਿਸ਼ਨਾਗਿਰੀ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 3-3 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਲਈ 1-1 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। 


ਪ੍ਰਧਾਨ ਮੰਤਰੀ ਵੱਲੋਂ ਹਾਦਸੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ 
ਪੀਐਮ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਹੈ। ਨਾਲ ਹੀ ਇਸ ਹਾਦਸੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ।