ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ

ਨਵੀਂ ਦਿੱਲੀ, 09 ਅਕਤੂਬਰ : ਭਾਰਤ ਦੇ ਚੋਣ ਕਮਿਸ਼ਨ ਨੇ ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿਤਾ ਹੈ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦਸਿਆ ਕਿ ਮੱਧ ਪ੍ਰਦੇਸ਼ ਵਿਚ 17 ਨਵੰਬਰ ਅਤੇ ਰਾਜਸਥਾਨ ਵਿਚ 23 ਨਵੰਬਰ ਨੂੰ ਇਕੋ ਪੜਾਅ ਵਿਚ ਚੋਣਾਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਛੱਤੀਸਗੜ੍ਹ ਵਿਚ ਦੋ ਪੜਾਵਾਂ ਵਿਚ 7 ਨਵੰਬਰ ਅਤੇ 17 ਨਵੰਬਰ ਨੂੰ ਚੋਣਾਂ ਹੋਣਗੀਆਂ। ਇਸ ਤੋਂ ਇਲਾਵਾ ਮਿਜ਼ੋਰਮ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਇਨ੍ਹਾਂ ਚੋਣਾਂ ਦੇ ਨਤੀਜੇ ਇਕੋ ਦਿਨ 3 ਦਸੰਬਰ ਨੂੰ ਐਲਾਨੇ ਜਾਣਗੇ। ਪੰਜ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ 40 ਦਿਨਾਂ ਵਿਚ ਸਾਰੇ ਪੰਜ ਰਾਜਾਂ ਦਾ ਦੌਰਾ ਕੀਤਾ ਅਤੇ ਸਿਆਸੀ ਪਾਰਟੀਆਂ, ਕੇਂਦਰ ਅਤੇ ਰਾਜ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦਸਿਆ ਕਿ ਮਿਜ਼ੋਰਮ ਵਿਚ ਕੁੱਲ ਵੋਟਰ 8.52 ਲੱਖ, ਛੱਤੀਸਗੜ੍ਹ ਵਿਚ 2.03 ਕਰੋੜ, ਮੱਧ ਪ੍ਰਦੇਸ਼ ਵਿਚ 5.6 ਕਰੋੜ, ਰਾਜਸਥਾਨ ਵਿਚ 5.25 ਕਰੋੜ ਅਤੇ ਤੇਲੰਗਾਨਾ ਵਿਚ 3.17 ਕਰੋੜ ਹਨ। 5 ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਲਗਭਗ 60 ਲੱਖ ਪਹਿਲੀ ਵਾਰ ਦੇ ਵੋਟਰ (18-19 ਸਾਲ) ਹਿੱਸਾ ਲੈਣਗੇ। ਇਨ੍ਹਾਂ ਚੋਣਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਹੁਣ ਹਰ ਕੋਈ ਚੋਣਾਂ ਦੀਆਂ ਤਰੀਕਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। 230 ਮੈਂਬਰਾਂ ਵਾਲੀ ਮੱਧ ਪ੍ਰਦੇਸ਼ ਵਿਧਾਨ ਸਭਾ, 200 ਮੈਂਬਰਾਂ ਵਾਲੀ ਰਾਜਸਥਾਨ ਵਿਧਾਨ ਸਭਾ, 90 ਮੈਂਬਰਾਂ ਵਾਲੀ ਛੱਤੀਸਗੜ੍ਹ, 119 ਮੈਂਬਰਾਂ ਵਾਲੀ ਤੇਲੰਗਾਨਾ ਅਤੇ 40 ਮੈਂਬਰਾਂ ਵਾਲੀ ਮਿਜ਼ੋਰਮ ਵਿਧਾਨ ਸਭਾ ਦਾ ਕਾਰਜਕਾਲ ਜਨਵਰੀ 'ਚ ਖਤਮ ਹੋ ਰਿਹਾ ਹੈ। ਇਨ੍ਹਾਂ ਸੂਬਿਆਂ ਵਿਚ ਸਿਆਸੀ ਪਾਰਟੀਆਂ ਪਹਿਲਾਂ ਹੀ ਸਰਗਰਮ ਹੋ ਗਈਆਂ ਹਨ। ਉਨ੍ਹਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ।