ਕਰਨਾਟਕਾ ‘ਚ ਫਾਂਸੀ ਲੱਗਣ ਦੀ ਰਿਹਸਲ ਕਰਦੇ 12 ਸਾਲਾਂ ਬੱਚੇ ਦੀ ਮੌਤ

ਕਰਨਾਟਕਾ : ਚਿਤਰਦੁਰਗਾ ਜ਼ਿਲ੍ਹੇ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਸੱਤਵੀਂ ਜਮਾਤ ਵਿੱਚ ਪੜ੍ਹਦੇ ਇੱਕ 12 ਸਾਲਾਂ ਬੱਚੇ ਦੀ ਸਕੂਲ ਸਮਾਗਮ ‘ਚ ਹਿੱਸਾ ਲੈਣ ਲਈ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਨੂੰ ਅੰਗਰੇਜਾਂ ਵੱਲੋਂ ਦਿੱਤੀ ਫਾਂਸੀ ਦੀ ਰਿਹਸਲ ਕਰਦੇ ਹੋਏ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਪਤਾ ਲੱਗਾ ਹੈ ਕਿ ਜਦੋਂ ਬੱਚਾ ਫਾਂਸੀ ਲੱਗਣ ਦੀ ਰਿਹਸਲ ਕਰ ਰਿਹਾ ਤਾਂ ਉਹ ਘਰ ਵਿੱਚ ਇੱਕਲਾ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਬੱਚੇ ਦੇ ਮਾਪੇ ਵਾਪਸ ਘਰ ਆਏ ਤਾਂ ਉਨ੍ਹਾਂ ਨੇ ਆਪਣੇ ਪੁੱਤ ਨੂੰ ਪੱਖੇ ਨਾਲ ਲਟਕਦਾ ਦੇਖਿਆ । ਰਿਪੋਰਟ ਦੇ ਅਨੁਸਾਰ ਸੰਜੇ ਗੌੜਾ ਦੇ ਮਾਤਾ-ਪਿਤਾ ਨਾਗਰਾਜ ਅਤੇ ਭਾਗਿਆਲਕਸ਼ਮੀ ਸ਼ਹਿਰ ਦੇ ਕੇਲਾਗੋਟ ਬਡਾਵਨੇ ਖੇਤਰ ਵਿੱਚ ਇੱਕ ਢਾਬਾ ਚਲਾਉਂਦੇ ਹਨ । ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਸਬ-ਇੰਸਪੈਕਟਰ ਕੇਆਰ ਗੀਤੰਮਾ ਨੇ ਦੱਸਿਆ ਕਿ ਬੱਚਾ 7ਵੀਂ ਜਮਾਤ ਦਾ ਵਿਦਿਆਰਥੀ ਸੀ। ਬੱਚੇ ਦੇ ਮਾਪਿਆਂ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਉਸ ਦੀ ਮਾਂ ਰਾਤ ਕਰੀਬ 9 ਵਜੇ ਹੋਟਲ ਤੋਂ ਵਾਪਸ ਆਈ। ਉਨ੍ਹਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਨ੍ਹਾਂ ਨੇ ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੁੱਲ੍ਹਣ ਤੋਂ ਬਾਅਦ ਜਦੋਂ ਗੁਆਂਢੀਆਂ ਨੇ ਖਿੜਕੀ ਤੋਂ ਦੇਖਿਆ ਤਾਂ ਬੱਚਾ ਛੱਤ ਵਾਲੇ ਪੱਖੇ ਨਾਲ ਲਟਕਿਆ ਹੋਇਆ ਮਿਲਿਆ। ਜਿਸ ਤੋਂ ਬਾਅਦ ਬੱਚੇ ਦੇ ਮਾਪਿਆਂ ਨੇ ਮਾਸਟਰ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤੇ ਤੁਰੰਤ ਹੀ ਬੱਚੇ ਸੰਜੇ ਨੂੰ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਿਸ ਨੇ ਦੱਸਿਆ ਕਿ ਬੱਚੇ ਨੇ ਰੱਸੀ ਨਾਲ ਫਾਹਾ ਬਣਾ ਕੇ ਭਗਤ ਸਿੰਘ ਦੀ ਤਰ੍ਹਾਂ ਲਟਕਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਥਿਤ ਤੌਰ ‘ਤੇ ਆਪਣਾ ਸਿਰ ਫਾਹੇ ਵਿੱਚ ਪਾ ਦਿੱਤਾ ਅਤੇ ਮੰਜੇ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।