ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ’ਚ ਅਦਾਕਾਰ ਅਮੋਲ ਪਾਲੇਕਰ ਅਤੇ ਸੰਧਿਆ ਗੋਖਲੇ ਹੋਏ ਸ਼ਾਮਲ

ਬੁਲਢਾਨਾ : ਆਲ ਇੰਡੀਆ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਨੂੰ ਹਰ ਵਰਗ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਦੌਰਾਨ ਰੋਜਾਨਾ ਹੀ ਵੱਖ ਵੱਖ ਖੇਤਰ ਨਾਲ ਸਬੰਧਿਤ ਹਸਤੀਆਂ ਵੱਲੋਂ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋ ਕੇ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕੀਤੀ ਜਾਂਦੀ ਹੈ, ਇਸੇ ਲੜੀ ਤਹਿਤ ਅੱਜ ਯਾਤਰਾ ’ਚ ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਅਮੋਲ ਪਾਲੇਕਰ ਅਤੇ ਉਨ੍ਹਾਂ ਦੀ ਪਤਨੀ, ਲੇਖਕ-ਫ਼ਿਲਮ ਨਿਰਮਾਤਾ ਸੰਧਿਆ ਗੋਖਲੇ ਨੇ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਏ, ਜਿਸ ਦੀਆਂ ਰਾਹੁਲ ਗਾਂਧੀ ਨਾਲ ਸੋਸ਼ਲ ਮੀਡੀਆ ‘ਤੇ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਅਮੋਲ ਦੀਆਂ ਇਹ ਤਸਵੀਰਾਂ ਰਾਹੁਲ ਦੀ ਭਾਰਤ ਜੋੜੋ ਯਾਤਰਾ ਦੌਰਾਨ ਲਈਆਂ ਗਈਆਂ ਸਨ। ਦੱਸ ਦੇਈਏ ਕਿ ਇਸ ਯਾਤਰਾ ਵਿੱਚ ਅਮੋਲ ਪਾਲੇਕਰ ਨੇ ਵੀ ਆਪਣੀ ਭਾਗੀਦਾਰੀ ਪੇਸ਼ ਕੀਤੀ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮੋਲ ਪਾਲੇਕਰ ਹੁਣ ਆਪਣੀ ਅਦਾਕਾਰੀ ਦੇ ਨਾਲ-ਨਾਲ ਨਿਰਦੇਸ਼ਨ ਲਈ ਵੀ ਜਾਣੇ ਜਾਂਦੇ ਹਨ। ਫਿਲਮੀ ਦੁਨੀਆ ਤੋਂ ਬਾਅਦ ਹੁਣ ਅਮੋਲ ਨੇ ਰਾਜਨੀਤੀ ਦੇ ਗਲਿਆਰੇ ਵੱਲ ਰੁਖ ਕਰ ਲਿਆ ਹੈ। ਦਰਅਸਲ, ਕਾਂਗਰਸ ਦੇ ਭਾਰਤ ਜੋੜੋ ਟਵਿਟਰ ਹੈਂਡਲ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਲਈਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਅਤੇ ਅਮੋਲ ਪਾਲੇਕਰ ਇਕੱਠੇ ਨਜ਼ਰ ਆ ਰਹੇ ਹਨ। ਤਸਵੀਰਾਂ ‘ਚ ਅਮੋਲ, ਰਾਹੁਲ ਦੇ ਨਾਲ ਇਸ ਯਾਤਰਾ ‘ਚ ਘੁੰਮਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਕੈਪਸ਼ਨ ‘ਚ ਲਿਖਿਆ ਹੈ ਕਿ- ਦਿੱਗਜ ਅਦਾਕਾਰ ਅਤੇ ਨਿਰਦੇਸ਼ਕ ਅਮੋਲ ਆਜ਼ਾਦੀ ਦਾ ਸਮਰਥਨ ਕਰਨ ਅਤੇ ਨਫਰਤ ਵਿਰੁੱਧ ਸਮਾਜ ਨੂੰ ਇਕਜੁੱਟ ਕਰਨ ਲਈ ਸ਼ਾਮਲ ਹੋਏ। ਤੁਹਾਨੂੰ ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਇਸ ਭਾਰਤ ਜੋੜੋ ਯਾਤਰਾ ਨੂੰ ਸਿਆਸੀ ਸਮਰਥਨ ਤੋਂ ਇਲਾਵਾ ਹੁਣ ਮਨੋਰੰਜਨ ਜਗਤ ਤੋਂ ਵੀ ਸਮਰਥਨ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਅਦਾਕਾਰਾ ਰਸ਼ਮੀ ਦੇਸਾਈ ਅਤੇ ਆਕਾਂਕਸ਼ਾ ਪੁਰੀ ਵੀ ਰਾਹੁਲ ਦੇ ਇਸ ਸਫਰ ਦਾ ਹਿੱਸਾ ਬਣੀਆਂ ਸਨ।  ਜਿਕਰਯੋਗ ਹੈ ਕਿ ਇਹ ਯਾਤਰਾ 07 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ 07 ਨਵੰਬਰ ਨੂੰ ਨਾਂਦੇੜ ਜਿਲ੍ਹੇ ਮਹਾਂਰਾਸ਼ਟਰ ਵਿੱਚ ਦਾਖ਼ਲ ਹੋਈ ਸੀ, ਜਿਸ ਤੋਂ ਬਾਅਦ ਹਿੰਗੋਲੀ, ਵਾਸ਼ਿਮ, ਅਕੋਲਾ ਅਤੇ ਅੱਜ ਬੁਲਢਾਨਾ ਜਿਲ੍ਹੇ ਵਿੱਚ ਹੈ। ਭਾਰਤ ਜੋੜੋ ਯਾਤਰਾ ਅੱਜ 74ਵੇਂ ਦਿਨ ਵਿੱਚ ਦਾਖਲ ਹੋ ਗਈ ਹੈ, ਇਹ ਬੁਲਢਾਨਾ ਦੇ ਭਿੰਡਵਾਲ ਤੋਂ ਸਵੇਰੇ 6 ਵਜੇ ਸਾਈਰਾਮ ਐਗਰੋ ਸੈਂਟਰ ਵਿਖੇ ਰਾਤ ਦੇ ਰੁਕਣ ਤੋਂ ਬਾਅਦ ਸ਼ੁਰੂ ਹੋਈ। ਯਾਤਰਾ ਦਾ ਸੋਮਵਾਰ ਨੂੰ ਆਰਾਮ ਦਾ ਦਿਨ ਹੋਵੇਗਾ ਅਤੇ ਰਾਹੁਲ ਗਾਂਧੀ ਗੁਜਰਾਤ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਜਾ ਰਹੇ ਹਨ, ਗੁਜਰਾਤ ਵਿੱਚ 1 ਤੋਂ 5 ਦਸੰਬਰ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ।