ਆਂਧਰਾ ਪ੍ਰਦੇਸ਼ ਵਿੱਚ ਬੱਸ ਨਹਿਰ ਵਿੱਚ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ 7 ਲੋਕਾਂ ਦੀ ਮੌਤ 

ਪ੍ਰਕਾਸ਼ਮ, 11 ਜੁਲਾਈ : ਆਂਧਰਾ ਪ੍ਰਦੇਸ਼ ਦੇ ਜਿਲ੍ਹਾ ਪ੍ਰਕਾਸ਼ਮ ਵਿੱਚ ਸੋਮਵਾਰ ਦੀ ਦੇਰ ਰਾਤ ਵਾਪਰੇ ਇੱਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬਰਾਤ ਲੈ ਕੇ ਜਾ ਰਹੀ ਇੱਕ ਬੱਸ ਦਾਰਸੀ ‘ਚ ਦੇਰ ਰਾਤ ਨਹਿਰ ਵਿੱਚ ਡਿੱਗ ਗਈ। ਜਿਲ੍ਹਾ ਪ੍ਰਕਾਸ਼ਮ ਦੇ ਐਸਪੀ ਮੱਲਿਕਾ ਗਰਗ ਨੇ ਦੱਸਿਆ ਕਿ ਬੱਸ ਦੇ ਚਾਲਕ ਨੇ ਗਲਤ ਸਾਇਡ ਤੋਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਨਾਲ ਟੱਕਰ ਹੋਣ ਤੋਂ ਬਚਾਉਣ ਦੇ ਚਕਰ ‘ਚ ਏਪੀਐਸਅੲਰਟੀਸੀ ਬੱਸ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਬੱਸ ਨਹਿਰ ਵਿੱਚ ਜਾ ਡਿੱਗੀ, ਜਿਸ ਕਾਰਨ ਇਸ ਹਾਦਸੇ ‘ਚ 5 ਔਰਤਾਂ, ਇੱਕ ਵਿਅਕਤੀ, ਇੱਕ 6 ਸਾਲਾ ਬੱਚੀ ਦੀ ਮੌਤ ਤੇ ਮੌਤ ਹੋ ਗਈ। ਐਸਪੀ ਗਰਗ ਅਨੁਸਾਰ ਬੱਸ ਨਹਿਰ ਵਿਚ ਡਿੱਗਣ ਤੋਂ ਪਹਿਲਾਂ ਇਕ ਖੰਭੇ ਨਾਲ ਵੀ ਟਕਰਾ ਗਈ। ਹਾਦਸੇ ਵਿਚ ਵਾਲ-ਵਾਲ ਬਚੇ ਬੱਸ ਡਰਾਈਵਰ ਨੇ ਦਸਿਆ ਕਿ ਬੱਸ ਦੇ ਸਟੀਅਰਿੰਗ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ ਅਤੇ ਬ੍ਰੇਕਾਂ ਵੀ ਫੇਲ੍ਹ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਹਾਦਸੇ ਵਿਚ ਮੌਤ ਦਾ ਕਾਰਨ ਦਮ ਘੁੱਟਣਾ ਸੀ ਕਿਉਂਕਿ ਜੋ ਲੋਕ ਅਗਲੀਆਂ ਸੀਟਾਂ 'ਤੇ ਬੈਠੇ ਸਨ, ਉਹ ਪਿੱਛੇ ਤੋਂ ਡਿੱਗਣ ਵਾਲੇ ਹੋਰ ਯਾਤਰੀਆਂ ਦਾ ਭਾਰ ਨਹੀਂ ਝੱਲ ਸਕਦੇ ਸਨ। ਉਨ੍ਹਾਂ ਦਸਿਆ ਕਿ ਇਸ ਹਾਦਸੇ 'ਚ ਘੱਟੋ-ਘੱਟ 18 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਓਂਗੋਲ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਸੁਪਰਡੈਂਟ ਮੁਤਾਬਕ ਬੱਸ 'ਚ ਫਸੇ ਲੋਕਾਂ ਨੂੰ ਕੱਢਣ ਲਈ ਇਕ ਕਰੇਨ ਮੌਕੇ 'ਤੇ ਭੇਜੀ ਗਈ। ਮੁੱਢਲੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਡਰਾਈਵਰ ਵਲੋਂ ਸ਼ਰਾਬ ਪੀ ਕੇ ਬੱਸ ਚਲਾਉਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਸ ਨੇ ਭਾਰਤੀ ਦੰਡਾਵਲੀ ਦੀ ਧਾਰਾ-304 (ਦੋਸ਼ੀ ਕਤਲ) ਤਹਿਤ ਕੇਸ ਦਰਜ ਕਰਕੇ ਹਾਦਸੇ ਦੀ ਜਾਂਚ ਤੇਜ਼ ਕਰ ਦਿਤੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐਸ. ਜਗਨਮੋਹਨ ਰੈੱਡੀ ਦੇ ਦਫ਼ਤਰ ਵਲੋਂ ਜਾਰੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਜਾਰੀ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਢੁੱਕਵੇਂ ਇਲਾਜ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿਤੇ ਹਨ।