ਉੱਤਰਾਖੰਡ ’ਚ ਭਾਰੀ ਮੀਂਹ ਕਾਰਨ 3 ਵਿਅਕਤੀਆਂ ਦੀ ਮੌਤ, 10 ਲਾਪਤਾ

ਦੇਹਰਾਦੂਨ, 14 ਅਗਸਤ : ਉੱਤਰਾਖੰਡ ’ਚ ਭਾਰੀ ਮੀਂਹ ਕਾਰਨ ਵੱਖੋ-ਵੱਖ ਘਟਨਾਵਾਂ ’ਚ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 10 ਹੋਰ ਲਾਪਤਾ ਹੋ ਗਏ ਅਤੇ ਵੱਖ-ਵੱਖ ਇਲਾਕਿਆਂ ’ਚ ਪੈ ਰਹੇ ਤੇਜ਼ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇ ਸਮੇਤ ਕਈ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਮੀਂਹ ਕਾਰਨ ਗੰਗਾ ਸਮੇਤ ਸੂਬੇ ਦੀਆਂ ਛੋਟੀਆਂ-ਵੱਡੀਆਂ ਨਦੀਆਂ ਉਫ਼ਾਨ ’ਤੇ ਹਨ ਅਤੇ ਹੜ੍ਹਾਂ ਵਰਗ ਹਾਲਾਤ ਕਾਰਨ ਨਦੀਆਂ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਸੁਰਖਿਅਤ ਥਾਵਾਂ ’ਤੇ ਲਿਆਂਦਾ ਗਿਆ ਹੈ। ਰਿਸ਼ੀਕੇਸ਼ ਦੇ ਤ੍ਰਿਵੇਣੀ ਘਾਟ ’ਤੇ ਦੁਪਹਿਰ 12.30 ਵਜੇ ਗੰਗਾ ਦਾ ਜਲ ਪੱਧਰ 341.30 ਮੀਟਰ ਰੀਕਾਰਡ ਕੀਤਾ ਗਿਆ, ਜੋ ਕਿ 2013 ’ਚ ਕੇਦਾਰਨਾਥ ਤਬਾਹੀ ਦੇ ਸਮੇਂ ਦੇ ਪਾਣੀ ਦੇ ਪੱਧਰ ਦੇ ਬਰਾਬਰ ਹੈ। ਇਸ ਦੇ ਮੱਦੇਨਜ਼ਰ ਪਸ਼ੂਲੋਕ ਡੈਮ ਦੇ ਸਾਰੇ ਗੇਟ ਖੋਲ੍ਹ ਦਿਤੇ ਗਏ ਹਨ। ਰਿਸ਼ੀਕੇਸ਼ ’ਚ ਸਥਿਤ ਸ਼ਿਵਜੀ ਦੀ ਮੂਰਤੀ ਪਾਣੀ ’ਚ ਡੁੱਬੀ ਹੋਈ ਵੇਖੀ ਗਈ। ਭਾਰੀ ਮੀਂਹ ਕਾਰਨ ਰਿਸ਼ੀਕੇਸ਼ ਦੇ ਚੰਦਰੇਸ਼ਵਰ ਨਗਰ, ਸ਼ੀਸ਼ਮ ਝੜੀ ਵਰਗੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਅਤੇ ਐੱਸ.ਡੀ.ਆਰ.ਐੱਫ. ਨੂੰ ਕਿਸ਼ਤੀਆਂ ਦੀ ਵਰਤੋਂ ਕਰ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਪਿਆ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸੂਬੇ ’ਚ ਭਾਰੀ ਮੀਂਹ ਦੇ ਮੱਦੇਨਜ਼ਰ ਚਾਰਧਾਮ ਯਾਤਰਾ ਦੋ ਦਿਨਾਂ ਲਈ ਮੁਲਤਵੀ ਕਰ ਦਿਤੀ ਗਈ ਹੈ। ਇੱਥੇ ਜਾਰੀ ਸਰਕਾਰੀ ਰੀਲੀਜ਼ ਅਨੁਸਾਰ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਾਰੇ ਸ਼ਰਧਾਲੂਆਂ ਨੂੰ ਮੌਸਮ ਦੀ ਭਵਿੱਖਬਾਣੀ ਦੇਖ ਕੇ ਹੀ ਯਾਤਰਾ ਕਰਨ ਦੀ ਅਪੀਲ ਕੀਤੀ। ਮੌਸਮ ਵਿਭਾਗ ਨੇ ਉੱਤਰਾਖੰਡ ਦੇ ਛੇ ਜ਼ਿਲ੍ਹਿਆਂ - ਦੇਹਰਾਦੂਨ, ਟਿਹਰੀ, ਪੌੜੀ, ਊਧਮ ਸਿੰਘ ਨਗਰ, ਨੈਨੀਤਾਲ ਅਤੇ ਚੰਪਾਵਤ ਵਿੱਚ ਸੋਮਵਾਰ ਨੂੰ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਹਰਿਦੁਆਰ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਸੋਮਵਾਰ ਤੜਕੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਕੇਦਾਰਨਾਥ ਫੁੱਟਪਾਥ ’ਤੇ ਲਿੰਚੋਲੀ ਚਾਨੀ ਕੈਂਪ ’ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਇਕ ਨੇਪਾਲੀ ਮਜ਼ਦੂਰ ਦੀ ਮੌਤ ਹੋ ਗਈ ਅਤੇ ਇਕ ਦੁਕਾਨਦਾਰ ਲਾਪਤਾ ਹੋ ਗਿਆ। ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦਸਿਆ ਕਿ ਹਾਦਸੇ ਵਾਲੀ ਥਾਂ ’ਤੇ ਸਥਿਤ ਚਾਰ ਦੁਕਾਨਾਂ ਜ਼ਮੀਨ ਖਿਸਕਣ ਦੇ ਮਲਬੇ ਹੇਠਾਂ ਦੱਬ ਗਈਆਂ, ਜਿਸ ’ਚ ਇਕ ਦੁਕਾਨਦਾਰ ਲਾਪਤਾ ਹੋ ਗਿਆ। ਉਨ੍ਹਾਂ ਦਸਿਆ ਕਿ ਲਾਪਤਾ ਦੁਕਾਨਦਾਰ ਦੀ ਭਾਲ ਜਾਰੀ ਹੈ। ਰਾਜਵਰ ਨੇ ਦਸਿਆ ਕਿ ਇਸੇ ਘਟਨਾ ’ਚ ਇਕ ਨੇਪਾਲੀ ਮਜ਼ਦੂਰ ਕਪਿਲ ਬਹਾਦਰ (27) ਦੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਰਿਸ਼ੀਕੇਸ਼ ਵਿਚ ਸ਼ਿਵ ਮੰਦਿਰ ਨੇੜੇ ਬਰਸਾਤੀ ਨਾਲੇ ’ਚ ਰੁੜ੍ਹ ਜਾਣ ਕਾਰਨ ਦਿਨੇਸ਼ ਪੰਵਾਰ (35) ਵਜੋਂ ਇਕ ਵਿਅਕਤੀ ਦੀ ਮੌਤ ਹੋ ਗਈ। ਰਿਸ਼ੀਕੇਸ਼ ’ਚ ਹੀ ਮੀਰਾਨਗਰ ਡਰੇਨ ’ਚੋਂ ਇਕ ਹੋਰ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਪਰ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਏਮਜ਼ ਦੇ ਮੁਰਦਾਘਰ ’ਚ ਰਖਿਆ ਗਿਆ ਹੈ। ਰਿਸ਼ੀਕੇਸ਼ ਨੇੜੇ ਰਿਸ਼ੀਕੇਸ਼ ਡੈਮ ’ਤੇ ਇਕ ਕਾਰ ਦੇ ਫਿਸਲਣ ਕਾਰਨ ਇਕ ਔਰਤ ਅਪਣੇ ਦੋ ਨਾਬਾਲਗ ਬੱਚਿਆਂ ਸਮੇਤ ਰੁੜ੍ਹ ਗਈ। ਐਤਵਾਰ ਦੇਰ ਰਾਤ 11.30 ਵਜੇ ਤੇਜ਼ ਮੀਂਹ ਦੌਰਾਨ ਵਾਪਰੀ ਘਟਨਾ ਸਮੇਂ ਰੀਨਾ ਸ਼ਰਮਾ ਦਾ ਪਤੀ ਗੋਪਾਲ ਪਾਣੀ ਦਾ ਵਹਾਅ ਵੇਖਣ ਲਈ ਕਾਰ ਤੋਂ ਹੇਠਾਂ ਉਤਰ ਗਿਆ ਸੀ। ਪੁਲਿਸ ਨੇ ਦੱਸਿਆ ਕਿ ਐੱਸ.ਡੀ.ਆਰ.ਐੱਫ. ਟੀਮ ਮੌਕੇ ’ਤੇ ਜਾਂਚ ’ਚ ਲੱਗੀ ਹੋਈ ਹੈ। ਪੌੜੀ ਜ਼ਿਲ੍ਹੇ ਦੇ ਲਕਸ਼ਮਣਝੂਲਾ ਇਲਾਕੇ 'ਚ ਮੋਹਨਚੱਟੀ 'ਚ ਇਕ ਰਿਜ਼ੋਰਟ ਦੇ ਮਲਬੇ ਹੇਠਾਂ ਦੱਬਣ ਨਾਲ ਚਾਰ-ਪੰਜ ਵਿਅਕਤੀ ਲਾਪਤਾ ਹੋ ਗਏ। ਪੌੜੀ ਦੀ ਸੀਨੀਅਰ ਪੁਲਸ ਸੁਪਰਡੈਂਟ ਸ਼ਵੇਤਾ ਚੌਬੇ ਨੇ ਦਸਿਆ ਕਿ ਰਾਹਤ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਉੱਤਰਕਾਸ਼ੀ ਜ਼ਿਲ੍ਹੇ ਦੇ ਟਿਕੋਚੀ ਪਿੰਡ ’ਚ ਭਾਰੀ ਮੀਂਹ ਕਾਰਨ ਪਹਾੜ ਦਾ ਮਲਬਾ ਕਈ ਘਰਾਂ ’ਚ ਵੜ ਗਿਆ। ਉਨ੍ਹਾਂ ਦਸਿਆ ਕਿ ਮਲਬੇ ਕਾਰਨ 8-10 ਘਰ ਨੁਕਸਾਨੇ ਗਏ ਅਤੇ ਇਕ ਔਰਤ ਭੂਮੀ ਦੇਵੀ (55) ਵੀ ਲਾਪਤਾ ਹੋ ਗਈ। ਚਮੋਲੀ ਜ਼ਿਲ੍ਹੇ ਦੀ ਜੋਸ਼ੀਮਠ ਤਹਿਸੀਲ ਦੇ ਪਿੱਪਲਕੋਟੀ ’ਚ ਜ਼ਮੀਨ ਖਿਸਕਣ ਕਾਰਨ ਇਕ ਵਿਅਕਤੀ ਦੇ ਮਲਬੇ ਹੇਠਾਂ ਦੱਬੇ ਜਾਣ ਦੀ ਸੂਚਨਾ ਹੈ। ਕਈ ਥਾਵਾਂ ’ਤੇ ਢਿੱਗਾਂ ਡਿੱਗਣ ਨਾਲ ਗੱਡੀਆਂ ਦੇ ਦੱਬਣ ਦੀ ਵੀ ਖ਼ਬਰ ਹੈ। ਗੰਗਾ ਦੀ ਪ੍ਰਮੁੱਖ ਸਹਾਇਕ ਨਦੀ ਅਲਕਨੰਦਾ, ਸ਼੍ਰੀਨਗਰ ਅਤੇ ਰੁਦਰਪ੍ਰਯਾਗ, ਰੁਦਰਪ੍ਰਯਾਗ ਵਿਖੇ ਮੰਦਾਕਿਨੀ ਨਦੀ (ਗੰਗਾ ਦੀ ਇਕ ਹੋਰ ਸਹਾਇਕ ਨਦੀ), ਦੇਵਪ੍ਰਯਾਗ ਵਿਖੇ ਗੰਗਾ ਅਤੇ ਰਿਸ਼ੀਕੇਸ਼ ਸਮੇਤ ਮੁਨੀ ਕੀ ਰੇਤੀ ਅਤੇ ਹਰਿਦੁਆਰ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਇਸ ਤੋਂ ਇਲਾਵਾ ਪਿੰਦਰ, ਬਿਰਹੀ, ਨੰਦਕਿਨੀ ਦਾ ਵਹਾਅ ਵੀ ਤੇਜ਼ ਹੈ, ਜਿਸ ਕਾਰਨ ਹੜ੍ਹ ਵਰਗੀ ਸਥਿਤੀ ਦਿਖਾਈ ਦੇ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਤਰਾਖੰਡ ਰਾਜ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਵਲੋਂ ਹਰਿਦੁਆਰ, ਪੌੜੀ, ਟਿਹਰੀ ਅਤੇ ਦੇਹਰਾਦੂਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਗੰਗਾ ਦੇ ਵਧਦੇ ਪਾਣੀ ਦੇ ਪੱਧਰ ਬਾਰੇ ਸੂਚਿਤ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਨੂੰ ਲੋੜੀਂਦੀ ਸਾਵਧਾਨੀ ਵਰਤਣ ਦੇ ਹੁਕਮ ਦਿਤੇ ਗਏ ਹਨ।