ਸਾਲ 2014 'ਚ ਲੋਕਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਪੁਰਾਣੀ ਸਕਰੀਨ ਵਾਲੇ ਫ਼ੋਨ ਵਾਂਗ ਨਕਾਰ ਦਿਤਾ ਸੀ : ਪੀਐਮ ਮੋਦੀ

ਨਵੀਂ ਦਿੱਲੀ, 27 ਅਕਤੂਬਰ : ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2014 ਨੂੰ ਸਿਰਫ਼ ਇਕ ਤਾਰੀਖ ਨਹੀਂ ਸਗੋਂ 'ਬਦਲਾਅ' ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਪੁਰਾਣੀ ਸਕਰੀਨ ਵਾਲੇ ਫ਼ੋਨ ਵਾਂਗ ਨਕਾਰ ਦਿਤਾ ਸੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਨੂੰ ਮੌਕਾ ਦਿਤਾ ਸੀ। ਇਥੇ 'ਇੰਡੀਆ ਮੋਬਾਈਲ ਕਾਂਗਰਸ' ਵਿਚ ਅਪਣੇ ਸੰਬੋਧਨ ਵਿਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਕਿਵੇਂ ਭਾਰਤ ਇਕ ਆਯਾਤਕ ਤੋਂ ਮੋਬਾਈਲ ਫੋਨਾਂ ਦੇ ਨਿਰਯਾਤਕ ਵਿਚ ਬਦਲ ਗਿਆ ਹੈ ਅਤੇ ਐਪਲ ਤੋਂ ਲੈ ਕੇ ਗੂਗਲ ਤਕ ਦੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇਸ਼ ਵਿਚ ਨਿਰਮਾਤਾ ਬਣਨ ਲਈ ਤਿਆਰ ਹਨ। ਉਨ੍ਹਾਂ ਕਿਹਾ, "ਸਾਲ 2014 ਵਿਚ, ਸਾਡੇ ਕੋਲ ... ਮੈਂ 2014 ਕਿਉਂ ਕਹਿ ਰਿਹਾ ਹਾਂ ... ਇਹ ਕੋਈ ਤਾਰੀਖ ਨਹੀਂ ਹੈ, ਸਗੋਂ 'ਬਦਲਾਅ' ਹੈ।" ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਵਿਚ ਕੁੱਝ ਸੌ ਸਟਾਰਟਅੱਪ ਸਨ ਪਰ ਹੁਣ ਇਹ ਗਿਣਤੀ ਇਕ ਲੱਖ ਦੇ ਕਰੀਬ ਪਹੁੰਚ ਗਈ ਹੈ। ਉਨ੍ਹਾਂ ਦਿਨਾਂ ਦੀ ਯਾਦ ਤਾਜ਼ਾ ਦਿਵਾਉਂਦੇ ਹੋਏ ਮੋਦੀ ਨੇ ਕਿਹਾ ਕਿ ਉਸ ਸਮੇਂ 'ਪੁਰਾਣੇ ਫ਼ੋਨ' ਦੀ ਸਕਰੀਨ ਹੈਂਗ ਹੁੰਦੀ ਰਹਿੰਦੀ ਸੀ ਅਤੇ ਤੁਸੀਂ ਜਿੰਨੀ ਮਰਜ਼ੀ ਸਕਰੀਨ ਨੂੰ ਸਵਾਈਪ ਕਰ ਲਓ ਜਾਂ ਕਿੰਨੇ ਹੀ ਬਟਨ ਦਬਾਓ, ਕੋਈ ਅਸਰ ਨਹੀਂ ਹੁੰਦਾ ਸੀ। ਉਨ੍ਹਾਂ ਕਿਹਾ, “ਅਤੇ ਉਸ ਸਮੇਂ ਦੀ ਸਰਕਾਰ ਦੀ ਸਥਿਤੀ ਵੀ ਅਜਿਹੀ ਹੀ ਸੀ। ਉਸ ਸਮੇਂ ਭਾਰਤੀ ਅਰਥਵਿਵਸਥਾ, ਜਾਂ ਅਸੀਂ ਖੁਦ ਉਸ ਸਮੇਂ ਦੀ ਸਰਕਾਰ ਕਹਿ ਲਈਏ, ਹੈਂਗ ਮੋਡ ਵਿਚ ਸੀ। ਹਾਲਤ ਇੰਨੀ ਖਰਾਬ ਸੀ ਕਿ ਮੁੜ ਚਾਲੂ ਕਰਨ ਦਾ ਕੋਈ ਫਾਇਦਾ ਨਹੀਂ ਸੀ। ਬੈਟਰੀ ਚਾਰਜ ਕਰਨ ਦਾ ਕੋਈ ਫਾਇਦਾ ਨਹੀਂ ਸੀ ਅਤੇ ਬੈਟਰੀ ਬਦਲਣ ਦਾ ਵੀ ਕੋਈ ਫਾਇਦਾ ਨਹੀਂ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “2014 ਵਿਚ, ਲੋਕਾਂ ਨੇ ਅਜਿਹੇ ਪੁਰਾਣੇ ਫੋਨਾਂ ਨੂੰ ਛੱਡ ਦਿਤਾ ਅਤੇ ਹੁਣ ਸਾਨੂੰ ਸੇਵਾ ਕਰਨ ਦਾ ਮੌਕਾ ਦਿਤਾ। ਇਸ ਬਦਲਾਅ ਕਾਰਨ ਕੀ ਹੋਇਆ, ਇਹ ਵੀ ਸਾਫ਼ ਨਜ਼ਰ ਆ ਰਿਹਾ ਹੈ”। ਉਨ੍ਹਾਂ ਕਿਹਾ ਕਿ ਸਭ ਤੋਂ ਤੇਜ਼ 5ਜੀ ਮੋਬਾਈਲ ਟੈਲੀਫੋਨ ਨੈੱਟਵਰਕ ਸ਼ੁਰੂ ਕਰਨ ਤੋਂ ਬਾਅਦ, ਭਾਰਤ 6ਜੀ ਦੇ ਖੇਤਰ ਵਿਚ ਆਪ ਨੂੰ ਇਕ ਆਗੂ ਵਜੋਂ ਸਥਾਪਤ ਕਰਨ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ 'ਮੇਡ ਇਨ ਇੰਡੀਆ' ਫੋਨਾਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਮੋਬਾਈਲ ਬ੍ਰਾਡਬੈਂਡ ਸਪੀਡ ਦੇ ਮਾਮਲੇ ਵਿਚ 118ਵੇਂ ਤੋਂ 43ਵੇਂ ਸਥਾਨ 'ਤੇ ਪਹੁੰਚ ਗਿਆ ਹੈ ਅਤੇ 5ਜੀ ਸੇਵਾਵਾਂ ਦੀ ਸ਼ੁਰੂਆਤ ਦੇ ਇਕ ਸਾਲ ਦੇ ਅੰਦਰ ਚਾਰ ਲੱਖ 5ਜੀ ਬੇਸ ਸਟੇਸ਼ਨ ਸਥਾਪਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ   ਪੂੰਜੀ, ਸਰੋਤਾਂ ਅਤੇ ਤਕਨਾਲੋਜੀ ਤਕ ਪਹੁੰਚ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ।