ਜ਼ਿਲ੍ਹਾ ਮੋਗਾ ਦੀਆਂ 16 ਹਜ਼ਾਰ ਤੋਂ ਵਧੇਰੇ ਪਰਿਵਾਰਾਂ ਦੀਆਂ ਔਰਤਾਂ ਸਵੈ ਸਹਾਇਤਾ ਸਮੂਹਾਂ ਰਾਹੀਂ ਕਮਾ ਰਹੀਆਂ ਆਪਣੀ ਰੋਜ਼ੀ ਰੋਟੀ

  • 40 ਹਜ਼ਾਰ ਤੋਂ ਵਧੇਰੇ ਪਰਿਵਾਰਾਂ ਦੀਆਂ ਔਰਤਾਂ ਨੂੰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨਾਲ ਜੋੜਨ ਦਾ ਟੀਚਾ
  • ਲੋੜਵੰਦ ਔਰਤਾਂ ਦੀ ਆਰਥਿਕਤਾ ਚੁੱਕਣ ਦੀਆਂ ਕੋਸ਼ਿਸਾਂ ਲਗਾਤਾਰ ਜਾਰੀ-ਏ.ਡੀ.ਸੀ. ਅਨੀਤਾ ਦਰਸ਼ੀ

ਮੋਗਾ, 24 ਜੁਲਾਈ : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਜ਼ਿਲ੍ਹਾ ਮੋਗਾ ਦੀਆਂ ਗਰੀਬ ਅਤੇ ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਅਤਿ ਗਰੀਬ ਔਰਤਾਂ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਵਧੀਆ ਤਰੀਕੇ ਨਾਲ ਚਲਾਉਣ ਤੋਂ ਇਲਾਵਾ ਆਪਣੀ ਆਰਥਿਕਤਾ ਨੂੰ ਵੀ ਮਜ਼ਬੂਤੀ ਦੇ ਰਹੀਆਂ ਹਨ। ਜ਼ਿਲ੍ਹਾ ਮੋਗਾ ਵਿੱਚ ਇਸ ਵਕਤ 16 ਹਜ਼ਾਰ ਤੋਂ ਵਧੇਰੇ ਪਰਿਵਾਰਾਂ ਦੀਆਂ ਔਰਤਾਂ ਇਸ ਮਿਸ਼ਨ ਤਹਿਤ ਜੁੜੀਆਂ ਹੋਈਆਂ ਹਨ। ਸੈਲਫ਼ ਹੈਲਪ ਗਰੁੱਪਾਂ ਨਾਲ ਜੁੜਨ ਵਾਲੀਆਂ ਔਰਤਾਂ ਨੂੰ ਹੁਨਰ ਦੀ ਟ੍ਰੇਨਿੰਗ ਦੇ ਕੇ ਬੈਂਕਾਂ ਤੋਂ ਸਸਤੇ ਵਿਆਜ ਤੇ ਲਿਮਟਾਂ ਬਣਾ ਕੇ ਰੋਜ਼ਗਾਰ ਸਥਾਪਿਤ ਕਰਨ ਵਿੱਚ ਮੱਦਦ ਕੀਤੀ ਜਾਂਦੀ ਹੈ ਜਿਸ ਨਾਲ ਉਹ ਬਜ਼ਾਰ ਦੇ ਮਹਿੰਗੇ ਵਿਆਜ ਦੇ ਲੋਨਾਂ ਤੋਂ ਵੀ ਬਚੀਆਂ ਰਹਿੰਦੀਆਂ ਅਤੇ ਆਪਣੀ ਆਰਥਿਕਤਾ ਨੂੰ ਵੀ ਉੱਚਾ ਚੁੱਕ ਸਕਦੀਆਂ ਹਨ। ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਪਿੰਡ ਵਿੱਚ ਰਹਿ ਰਹੀਆਂ ਗਰੀਬ, ਅਨਪੜ੍ਹ ਜਾਂ ਘੱਟ ਪੜ੍ਹੀਆਂ-ਲਿਖੀਆਂ ਔਰਤਾਂ ਦੇ ਸੈੱਲਫ਼ ਹੈਲਪ ਗਰੁੱਪ ਰਾਹੀਂ ਆਜੀਵਿਕਾ ਦਾ ਸਾਧਨ ਮੁਹੱਈਆ ਕਰਵਾਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਂਦਾ ਹੈ। ਇਸ ਸਕੀਮ ਦੀ ਮਹੱਤਤਾ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਔਰਤਾਂ ਨੂੰ ਇਸ ਮਿਸ਼ਨ ਤਹਿਤ ਜੋੜਿਆ ਜਾਵੇਗਾ ਅਤੇ ਤਾਂ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤੀ ਮਿਲ ਸਕੇ ਅਤੇ ਉਨ੍ਹਾਂ ਦੀ ਰੋਜੀ ਰੋਟੀ ਆਸਾਨ ਤਰੀਕੇ ਨਾਲ ਚਲਾਈ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਜ਼ਮੀਨੀ ਪੱਧਰ ਉੱਪਰ ਕੰਮ ਕਰਕੇ 39 ਹਜ਼ਾਰ ਤੋਂ ਵਧੇਰੇ ਪਰਿਵਾਰਾਂ ਦੀਆਂ ਔਰਤਾਂ ਨੂੰ ਸੈਲਫ਼ ਹੈਲਪ ਗਰੁੱਪਾਂ ਨਾਲ ਜੋੜ ਕੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜੀ ਰੋਟੀ ਚਲਾਈ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਵੱਲੋਂ ਹੱਥ ਨਾਲ ਤਿਆਰ ਕੀਤੇ ਗਏ ਸਮਾਨ, ਜਿਵੇਂ ਕਿ ਕੋਟੀਆਂ, ਸਵੈਟਰ, ਆਚਾਰ, ਮੁਰੱਬਾ, ਸਰੋਂ ਦਾ ਤੇਲ, ਨਾਰੀਅਲ ਦਾ ਤੇਲ, ਘਰ ਦੀ ਸਜਾਵਟ ਦਾ ਸਮਾਨ, ਹਲਦੀ, ਮਿਰਚ, ਮਸਾਲਾ ਆਦਿ ਨੂੰ ਵੱਡੇ ਪੱਧਰ ਦੀ ਮਾਰਕੀਟਿੰਗ ਵੀ ਮੁਹੱਈਆ ਕਰਵਾਈ ਜਾਵੇਗੀ।ਸੈਲਫ਼ ਹੈਲਪ ਗਰੁੱਪਾਂ ਦੇ ਚੋਣਵੇਂ ਵਧੀਆ ਉਤਪਾਦਾਂ ਨੂੰ ਮੇਕ ਇਨ ਇੰਡੀਆ ਦੀ ਵੈਬਸਾਈਟ ਉੱਪਰ ਅਪਲੋਡ ਕਰਨ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਆਮ ਲੋਕ ਬਜ਼ਾਰ ਨਾਲੋਂ ਸਸਤੇ ਰੇਟਾਂ ਤੇ ਅਤੇ ਵਧੀਆ ਪ੍ਰੋਡਕਟ ਖਰੀਦ ਸਕਣ, ਜਿਸ ਨਾਲ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਨੂੰ ਅਜੀਵਿਕਾ ਦਾ ਪੱਕਾ ਸਾਧਨ ਪ੍ਰਾਪਤ ਹੋ ਸਕੇ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸੈਲਫ਼ ਹੈਲਪ ਗਰੁੱਪਾਂ ਨੂੰ ਆਧੁਨਿਕ ਕਿੱਤਿਆਂ ਦੀਆਂ ਟ੍ਰੇਨਿੰਗਾਂ ਮੁਹੱਈਆ ਕਰਵਾ ਕੇ ਨਵੇਂ ਪ੍ਰੋਜੈਕਟ ਵੀ ਜਲਦੀ ਹੀ ਸ਼ੁ਼ੁਰੂ ਕਰਵਾਏ ਜਾਣਗੇ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜ਼ਿਲ੍ਹਾ ਮੋਗਾ ਦੀਆਂ ਵੱਧ ਤੋਂ ਵੱਧ ਗਰੀਬ ਤੇ ਲੋੜਵੰਦ ਔਰਤਾਂ ਨੂੰ ਸੈਲਫ਼ ਹੈਲਪ ਗਰੁੱਪਾਂ ਨਾਲ ਜੋੜਨ ਲਈ ਦਿਹਾਤੀ ਆਜੀਵਿਕਾ ਮਿਸ਼ਨ ਮੋਗਾ ਦੇ ਸਟਾਫ਼ ਦੀ ਮੀਟਿੰਗ ਬੁਲਾਈ।ਇਸ ਮੀਟਿੰਗ ਵਿੱਚ ਕਮਜ਼ੋਰ ਸੈਲਫ਼ ਹੈਲਪ ਗਰੁੱਪਾਂ ਨੂੰ ਮੁੜ ਸੁਰਜੀਤ ਕਰਨ ਦੀਆਂ ਵਿਉਂਤਬੰਦੀਆਂ ਕਰਨ ਤੋਂ ਇਲਾਵਾ ਮਹੀਨਾਵਾਰ ਪ੍ਰਗਤੀ ਰਿਪੋਰਟ ਵੀ ਲਈ ਗਈ।
ਇਸ ਮੌਕੇ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਬਲਜਿੰਦਰ ਗਿੱਲ, ਜ਼ਿਲ੍ਹਾ ਲੇਖਾਕਾਰ ਗੁਰਮੀਤ ਕੌਰ, ਜ਼ਿਲ੍ਹਾ ਐਮ.ਆਈ.ਐਸ. ਅਭਿਸ਼ੇਕ ਸਿਗੰਲਾ, ਬਲਾਕ ਪ੍ਰੋਗਰਾਮ ਮੈਨੇਜਰ ਨਵਦੀਪ ਕੌਰ, ਬਿਕਰਮਜੀਤ ਸਿੰਘ, ਅਵਤਾਰ ਸਿੰਘ, ਹਰਮੀਤ ਸਿੰਘ, ਗੁਰਸੇਵਕ ਸਿੰਘ, ਹਰਮਨਪੀ੍ਰਤ ਸਿੰਘ, ਅਮਨਦੀਪ ਕੌਰ, ਕਲੱਸਟਰ ਕੋਆਰਡੀਨੇਟਰ ਮਨਪ੍ਰੀਤ ਕੌਰ, ਪਵਿੱਤਰ ਸਿੰਘ, ਬਿਕਰਮਜੀਤ ਸਿੰਘ, ਸ਼ਿਲਪਾ ਅਰੋੜਾ ਅਤੇ ਬਲਾਕ ਐਮ.ਆਈ.ਐਸ. ਮੈਡਮ ਰਾਜਵਿੰਦਰ ਕੌਰ ਹਾਜ਼ਰ ਸਨ।