ਜੀ ਆਇਆਂ ਨੂੰ ਮੁੱਲਾਂਪੁਰ ਦਾਖਾ ਦਾ ਵਾਰਡ ਨੰਬਰ 11 ਚ ਗੰਦ ਦਾ ਢੇਰ ਤੁਹਾਡਾ ਸਵਾਗਤ ਕਰਦਾ ਹੈ!

  • ਆਪ ਵਾਲੇ ਮੁੱਖ ਮੰਤਰੀ ਦਾ ਜਨਮ ਦਿਨ ਮਨਾਉਣ ਚ ਮਸ਼ਰੂਫ

ਮੁੱਲਾਂਪੁਰ ਦਾਖਾ, 18 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਜਿੱਥੇ ਸਮੁੱਚੇ ਪੰਜਾਬ ਦੇ ਆਮ ਆਦਮੀ ਪਾਰਟੀ ਵਾਲੇ ਜਨਮ ਦਿਨ ਮਨਾ ਰਹੇ ਹਨ ਉਥੇ ਮੁੱਲਾਂਪੁਰ ਦਾਖਾ ਦੇ ਵਾਰਡ ਨੰਬਰ 11 ਅਤੇ ਵਾਰਡ ਨੰਬਰ 1 ਦੇ ਬਿਲਕੁਲ ਵਿਚਕਾਰ ਚ ਗੁਰਮਤਿ ਭਵਨ ਨੂੰ ਜੋੜਦੀ ਸੜਕ ਤੇ ਗੰਦ ਦਾ ਵੱਡਾ ਢੇਰ ਜਿੱਥੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਉਥੇ ਇਸ ਢੇਰ ਤੇ ਲਾਗੇ ਮਾਰਦਾ ਮੁਸ਼ਕ ਲੋਕਾਂ ਵਾਸਤੇ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ। ਨੈਸ਼ਨਲ ਹਾਈਵੇ ਤੋਂ ਗੁਰਮਤਿ ਭਵਨ ਨੂੰ ਜਾਂਦੀ ਸੜਕ ਦੇ ਕਿਨਾਰੇ ਲੱਗੇ ਇਸ ਵੱਡੇ ਗੰਦਗੀ ਦੇ ਢੇਰ ਨੂੰ ਦੇਖ ਕੇ ਲੋਕ ਬਹੁਤ ਦੁਖੀ ਹਨ ਕਿਉਕਿ ਇਸ ਰਸਤੇ ਆਮ ਲੋਕਾਂ ਦਾ ਲੰਘਣਾ ਬੇਹੱਦ ਮੁਸ਼ਕਿਲ ਹੋਇਆ ਪਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਿਥੇ ਅੱਜ ਹਲਕਾ ਇੰਚਾਰਜ ਕੰਗ ਤੇ ਆਪ ਦੇ ਵਲੰਟੀਅਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਨਮ ਦਿਨ ਮਨਾ ਰਹੇ ਉਹ ਉਥੇ ਕੀ ਇਹਨਾ ਆਪ ਦੇ ਆਗੂਆਂ ਨੂੰ ਇਹ ਗੰਦਗੀ ਦਾ ਢੇਰ ਦਿਖਾਈ ਕਿਉ ਨਹੀਂ ਦੇ ਰਿਹਾ ਹੈ। ਇਸ ਗੰਦਗੀ ਦੇ ਢੇਰ ਤੇ ਆਵਰਾ ਕੁੱਤੇ ਤੇ ਗਰੀਬ ਝੁੱਗੀ ਝੌਂਪੜੀ ਵਾਲੇ ਨਿੱਕੇ ਨਿੱਕੇ ਬੱਚੇ ਕੁਝ ਸਮਾਂਨ ਵਿਚੋਂ ਚੁੱਕਦੇ ਆਮ ਹੀ ਦਿਖਾਈ ਦੇਂਦੇ ਹਨ। ਬੀਤੇ ਕੱਲ ਤੋ ਪੈ ਰਹੀ ਬਾਰਿਸ਼ ਕਾਰਨ ਵੀ ਏਥੇ ਬਹੁਤ ਜਿਆਦਾ ਗੰਦਾ ਮੁਸਕ ਮਾਰ ਰਿਹਾ ਹੈ।ਸ਼ਹਿਰ ਮੁੱਲਾਂਪੁਰ ਦੇ ਲੋਕਾਂ ਨੇ ਹਲਕਾ ਇੰਚਾਰਜ ਕੇ ਐਨ ਐਸ ਕੰਗ ਤੋ ਮੰਗ ਕੀਤੀ ਕਿ ਇਸ ਗੰਦਗੀ ਦੇ ਢੇਰਾਂ ਨੂੰ ਜਲਦੀ ਤੋਂ ਜਲਦੀ ਚੁਕਵਾਇਆ ਜਾਵੇ ਤਾਂ ਜੌ ਲੋਕਾਂ ਨੂੰ ਬਿਮਾਰੀਆਂ ਤੋ ਬਚਾਇਆ ਜਾ ਸਕੇ।ਜਦੋ ਇਸ ਸਬੰਧੀ ਆਪ ਦੇ ਸ਼ਹਿਰੀ ਪ੍ਰਧਾਨ ਅਮਨ ਮੁੱਲਾਂਪੁਰ  ਅਤੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਦਾਖਾ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਨੂੰ ਦਸ ਦਿੱਤਾ ਹੈ ਅਤੇ ਇਸ ਮਸਲੇ ਦਾ ਹੱਲ ਜਲਦੀ ਹੀ ਕਰਵਾ ਦਿੱਤਾ ਜਾਵੇਗਾ।