ਕਾਂਵਾਂ ਵਾਲੀ ਪੁੱਲ ਤੋਂ ਪਾਣੀ ਪੂਰੀ ਤਰਾਂ ਨਾਲ ਥੱਲੇ ਆਇਆ ਪਰ ਲੋਕਾਂ ਨੂੰ ਹਾਲੇ ਸਾਵਧਾਨੀ ਵਰਤਣ ਦੀ ਅਪੀਲ

  • ਬਿਮਾਰੀਆਂ ਦੀ ਰੋਕਥਾਮ ਲਈ ਅਗੇਤੇ ਉਪਰਾਲੇ ਸ਼ੁਰੂ : ਡਿਪਟੀ ਕਮਿਸ਼ਨਰ

ਫਾਜਿ਼ਲਕਾ 24 ਅਗਸਤ : ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਹੜ੍ਹ ਦੇ ਪਾਣੀ ਤੋਂ ਰਾਹਤ ਮਿਲਣ ਲੱਗੀ ਹੈ। ਵੀਰਵਾਰ ਦੀ ਸਵੇਰ ਕਾਵਾਂ ਪੁਲ ਤੋਂ ਪਾਣੀ ਬਿੱਲਕੁਲ ਹੇਠਾਂ ਆ ਗਿਆ ਹੈ ਅਤੇ ਹੁਣ ਪਾਣੀ ਪੁਲ ਦੇ ਠੀਕ ਹੇਠਾਂ ਵਹਿ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖਤਰਾ ਹਾਲੇ ਟਲਿਆ ਨਹੀਂ ਹੈ ਅਤੇ ਲੋਕ ਪੂਰੀ ਸਾਵਧਾਨੀ ਵਰਤਨ।ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਪੁਲ ਨੂੰ ਆਮ ਲੋਕਾਂ ਲਈ ਖੋਲਣ ਤੋਂ ਪਹਿਲਾਂ ਇਸ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇ ਕਿਉਂਕਿ ਇਹ ਪੁਲ ਪਿੱਛਲੇ ਦਿਨੀਂ ਪੂਰੀ ਤਰਾਂ ਪਾਣੀ ਵਿਚ ਡੁੱਬ ਗਿਆ ਸੀ। ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਾਣੀ ਘੱਟਣ ਦੇ ਬਾਵਜੂਦ ਪਾਣੀ ਵਿਚ ਨਾ ਜਾਣ ਕਿਉਂਕਿ ਪਾਣੀ ਦੇ ਹੇਠਾਂ ਇਸਦੀ ਡੁੰਘਾਈ ਕਿੰਨੀ ਹੈ ਇਸਦਾ ਅੰਦਾਜਾ ਨਹੀਂ ਹੁੰਦਾ ਹੈ। ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਪਾਣੀ ਘੱਟਣ ਬਾਅਦ ਹੁਣ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਅਗੇਤੇ ਪ੍ਰਬੰਧ ਕੀਤੇ ਜਾਣ ਅਤੇ ਲੋਕਾਂ ਤੱਕ ਮੈਡੀਕਲ ਸਹੁਲਤ ਉਨ੍ਹਾਂ ਦੇ ਪਿੰਡਾਂ ਤੱਕ ਪਹੁੰਚਾਈ ਜਾਵੇ। ਇਸੇ ਤਰਾਂ ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਜਾਨਵਰਾਂ ਵਿਚ ਕਿਸੇ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਢੁੱਕਵੀਂ ਯੋਜਨਾਬੰਦੀ ਤਿਆਰ ਕਰਕੇ ਲਾਗੂ ਕਰੇ। ਇੱਥੇ ਜਿ਼ਕਰਯੋਗ ਹੈ ਕਿ ਹੁਸੈਨੀਵਾਲਾ ਤੋਂ ਅੱਜ ਸਵੇਰੇ 1 ਲੱਖ 32 ਹਜਾਰ ਕਿਉਸਿਕ ਪਾਣੀ ਦੀ ਨਿਕਾਸੀ ਹੋ ਰਹੀ ਸੀ ਜਦ ਕਿ ਕੁਝ ਦਿਨ ਪਹਿਲਾਂ ਇੱਥੋਂ ਇਹ ਨਿਕਾਸੀ 2 ਲੱਖ 82 ਹਜਾਰ ਕਿਉਸਿਕ ਤੱਕ ਸੀ। ਡਿਪਟੀ ਕਮਿਸ਼ਨਰ ਵੱਲੋਂ ਨਾਲ ਹੀ ਰਾਹਤ ਕਾਰਜਾਂ ਵਿਚ ਲੱਗੀਆਂ ਟੀਮਾਂ ਨੂੰ ਕਿਹਾ ਗਿਆ ਹੈ ਕਿ ਲੋਕਾਂ ਤੱਕ ਤੇਜੀ ਨਾਲ ਰਾਹਤ ਪਹੁੰਚਾਊਣ ਦੀ ਕਾਰਵਾਈ ਜਾਰੀ ਰੱਖੀ ਜਾਵੇ।