ਜ਼ਿਲੇ ਚ ਹੁਣ ਕੂੜਾ ਨਹੀਂ ਹੋਣ ਦਿੱਤਾ ਜਾਵੇਗਾ ਡੰਪ : ਡਿਪਟੀ ਕਮਿਸ਼ਨਰ 

  • ਪ੍ਰਸ਼ਾਸਨ ਨੇ ਦੂਹਰੀ ਵਾਰ ਕੂੜਾ ਚੁਕਵਾ ਕੇ ਮੁੜ ਤੋਂ ਕਰਵਾਈ ਸਫਾਈ
  • ਚੌਗਿਰਦਾ ਸਾਫ ਰੱਖਣ ਤੇ ਕੂੜੇ ਦੇ ਡੰਪ ਨਾ ਲਗਾਉਣ ਦੀ ਕੀਤੀ ਅਪੀਲ 

ਫ਼ਰੀਦਕੋਟ 13 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਹੁਕਮਾਂ ਤੇ ਨਗਰ ਕੌਂਸਲ ਵੱਲੋਂ ਅੱਜ ਦੂਹਰੀ ਵਾਰ ਕੂੜੇ ਦੇ ਡੰਪ ਹਟਾ ਕੇ ਅੱਜ ਮੁੜ ਤੋਂ ਸਫਾਈ ਕਰਵਾ ਕੇ ਬੂਟੇ ਲਗਾਏ ਗਏ। ਇਥੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਨਗਰ ਕੌਂਸਲ ਫ਼ਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਕੂੜੇ ਦੇ ਡੰਪ ਹਟਾਉਣ ਕੇ ਸਫਾਈ ਕਰਨ ਉਪਰੰਤ ਉੱਥੇ ਬੂਟੇ ਲਗਾਏ ਸਨ, ਪਰ ਕੁਝ ਸ਼ਰਾਰਤੀ ਅਨਸਰਾਂ ਨੇ ਉਸੇ ਥਾਂ ਤੇ ਗੰਦਗੀ ਸੁੱਟ ਕੇ ਫਿਰ ਗੰਦਗੀ ਫੈਲਾਅ ਦਿੱਤੀ ਸੀ। ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਅੱਜ ਮੁੜ ਤੋਂ ਸਫਾਈ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜ਼ਿਲੇ ਵਿਚ ਕੂੜਾ ਡੰਪ ਹੋਣ ਵਾਲੀਆਂ ਥਾਵਾਂ ਦੀ ਪਛਾਣ ਕੀਤੀ ਗਈ ਜਿਸ ਤਹਿਤ ਬਾਜ਼ੀਗਰ ਬਸਤੀ ਨੇੜੇ ਆਹੂਜਾ ਡੇਅਰੀ, ਨੇੜੇ ਲਾਲ ਕੋਠੀ, ਨੇੜੇ ਅਮਰ ਪੈਲੇਸ, ਮਾਹੀਖਾਨੇ ਮੁਹੱਲੇ ਵਾਲਾ ਡੰਪ, ਬਲਬੀਰ ਬਸਤੀ ਨੇੜੇ ਡੰਪ ਆਦਿ ਥਾਵਾਂ ਦੀ ਸ਼ਨਾਖਤ ਕਰਕੇ ਸਫਾਈ ਕਰਨ ਉਪਰੰਤ ਬੂਟੇ ਲਗਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਤੇ ਇਕ ਜਗ੍ਹਾਂ ਤੇ ਕੂੜਾ ਨਾ ਸੁੱਟਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੂੜਾ ਸੁੱਟਦਾ ਪਾਇਆ ਗਿਆ ਤਾਂ ਉਸ ਤੇ ਸਖਤ ਕਾਨੂੰਨੀ ਕਾਰਵਾਈ ਹੋਵੇਗੀ।