ਸਰਾਭਾ ਵਿਖੇ ਗ੍ਰਾਮ ਪੰਚਾਇਤ ਮੁਰਦਾਬਾਦ ਦੇ ਨਾਅਰਿਆਂ ਨਾਲ ਪਿੰਡ ਗੂੰਜਿਆ

  • ਸ਼ਹੀਦ ਸਰਾਭਾ ਜੀ ਦੇ ਜੱਦੀ ਘਰ ਨੂੰ ਜਾਣ ਵਾਲੇ ਰਸਤੇ ਦਾ ਮਾੜਾ ਹਾਲ

ਮੁੱਲਾਂਪੁਰ ਦਾਖਾ 26 ਜੂਨ (ਸਤਵਿੰਦਰ ਸਿੰਘ  ਗਿੱਲ) : ਗ਼ਦਰ ਪਾਰਟੀ ਦੇ ਨਾਇਕ, ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਉਹਨਾਂ ਦੇ ਜਨਮ ਅਸਥਾਨ ਜੱਦੀ ਘਰ ਵੱਲ ਨੂੰ ਜਾਣ ਵਾਲੇ ਰਸਤੇ ਦਾ ਹਾਲਾਤ ਬਹੁਤ ਹੀ ਖਸਤਾ ਤੇ ਖੜ੍ਹਾ ਗੰਦਾ ਪਾਣੀ ਪਿੰਡ ਦੇ ਦਰਸ਼ਨਾਂ ਲਈ ਆਉਣ ਜਾਣ ਵਾਲੀਆਂ ਸੰਗਤਾਂ ਦਾ‌ ਸਵਾਗਤ ਕਰਦਾ ਹੈ। ਜਦਕਿ ਸਰਪੰਚ ਸੁਖਜਿੰਦਰ ਕੌਰ ਸਰਾਭਾ ਤੇ ਗ੍ਰਾਮ ਪੰਚਾਇਤ ਦੀ ਮਾੜੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਨੂੰ ਜਾਣ ਵਾਲੇ ਰਸਤੇ ਦੀ ਲੰਮੇ ਸਮੇਂ ਤੋਂ ਗ੍ਰਾਮ ਪੰਚਾਇਤ ਵੱਲੋਂ ਕੋਈ ਵੀ ਸਫਾਈ ਆਦਿ ਦਾ ਪ੍ਰਬੰਧ ਨਾ ਕਰਨ ਤੇ ਏਸ ਰਾਸਤੇ ਨੂੰ ਦੁਖੀ ਹੋ ਕੇ ਬੰਦ ਕਰ ਦਿੱਤਾ ਅਤੇ ਗ੍ਰਾਮ ਪੰਚਾਇਤ ਸਰਾਭਾ ਮੁਰਦਾਬਾਦ ਦੇ ਨਾਅਰਿਆਂ ਨਾਲ ਪਿੰਡ ਦੀ ਸਰਪੰਚ ਦਾ ਡੱਟ ਕੇ ਵਿਰੋਧ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਜਰਨਲ ਸਕੱਤਰ ਕੁਲਜੀਤ ਸਿੰਘ ਭੰਵਰਾ,ਉੱਘੇ ਸਮਾਜ ਸੇਵਕ ਅਜੀਤ ਸਿੰਘ ਸਰਾਭਾ, ਮਾਸਟਰ ਤਾਰਾ ਸਿੰਘ ਸਰਾਭਾ, ਭੋਲਾ ਸਿੰਘ ਸਰਾਭਾ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਸਰਕਾਰਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭੇ ਨੂੰ ਪਹਿਲ ਦੇ ਅਧਾਰ ਤੇ ਕਰੋੜਾਂ ਦੀ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ। ਹੁਣ ਤੱਕ ਦੀ ਸਭ ਤੋਂ ਨਿਕੰਮੀ ਗ੍ਰਾਮ ਪੰਚਾਇਤ ਲੱਖਾਂ ਦੀ ਗਰਾਂਟ ਹੋਣ ਦੇ ਬਾਵਜੂਦ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਵੱਲ ਜਾਣ ਵਾਲੇ ਮੇਨ ਰਸਤੇ ਨੂੰ ਵੀ ਨਹੀਂ ਬਣਾ ਰਹੇ। ਬਾਕੀ ਇਸ ਰਸਤੇ ਤੇ ਰਹਿੰਦੇ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਆਉਣ ਕਰਕੇ ਘਰਾਂ 'ਚ ਬਦਬੂ ਆਉਂਦੀ ਹੈ ਜਿਸਦੇ ਚਲਦੇ ਭਿਆਨਕ ਬਿਮਾਰੀਆਂ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਏਸ ਮਸਲੇ ਹਲ ਲਈ ਅਸੀਂ ਪਿੰਡ ਦੀ ਸਰਪੰਚ ਸੁਖਜਿੰਦਰ ਕੌਰ ਨੂੰ ਉਨ੍ਹਾਂ ਦੇ ਘਰ ਜਾ ਕੇ ਵਾਰ-ਵਾਰ ਬੇਨਤੀਆਂ ਕਰ ਚੁੱਕੇ ਹਾਂ ਪਰ ਉਹ ਰਸਤੇ ਦਾ ਕੋਈ ਹੱਲ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਨੇ ਆਖ਼ਰ ਵਿਚ ਆਖਿਆ ਕਿ ਜੇਕਰ ਗ੍ਰਾਮ ਪੰਚਾਇਤ ਸਰਾਭਾ‌ ਵੱਲੋਂ ਇਸ ਮਸਲੇ ਦਾ ਹੱਲ ਦਸਾਂ ਦਿਨਾਂ ਦੇ ਵਿਚ ਨਾ ਕੀਤਾ ਤਾਂ ਪੂਰੇ ਪਿੰਡ ਸਰਾਭਾ ਵੱਲੋਂ ਗ੍ਰਾਮ ਪੰਚਾਇਤ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਰਾਜੂ ਸਿੰਘ,ਮਨੋਹਰ ਲਾਲ, ਰਾਜਾ ਸਿੰਘ, ਛੋਟਾ ਸਿੰਘ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।