ਤਿਉਹਾਰੀ ਸੀਜ਼ਨ ਮੱਦੇਨਜ਼ਰ ਨਕਲੀ ਮਠਿਆਈ/ਖਾਧ ਪਦਾਰਥ ਵੇਚਣ ਵਾਲਿਆਂ ਉੱਪਰ ਜ਼ਿਲ੍ਹਾ ਪ੍ਰਸ਼ਾਸ਼ਨ ਕਰੇਗਾ ਸਖਤ ਕਾਰਵਾਈ

  • ਸਿਹਤ ਵਿਭਾਗ, ਫੂਡ ਸਪਲਾਈ ਵਿਭਾਗ ਵੱਡੇ ਪੱਧਰ ਉੱਪਰ ਕਰੇਗਾ ਮਠਿਆਈਆਂ/ਖਾਧ ਪਦਾਰਥਾਂ ਦੀ ਸੈਂਪਲਿੰਗ
  • ਫੂਡ ਸੇਫ਼ਟੀ ਐਕਟ ਤਹਿਤ ਮਾਪਦੰਡ ਪੂਰੇ ਨਾ ਕਰਨ ਵਾਲੇ ਦੁਕਾਨਦਾਰਾਂ ਉੱਪਰ ਹੋਵੇਗੀ ਸਖਤ ਕਾਨੂੰਨੀ ਕਾਰਵਾਈ
  • ਵਧੀਕ ਡਿਪਟੀ ਕਮਿਸ਼ਨਰ ਨੇ ਫੂਡ ਸੇਫ਼ਟੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿੱਚ ਜਾਰੀ ਕੀਤੇ ਆਦੇਸ਼

ਮੋਗਾ, 11 ਅਗਸਤ : ਤਿਉਹਾਰਾਂ ਦੇ ਸੀਜ਼ਨ ਕਰਕੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਐਕਟ-2006  ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਸਿਹਤ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਰਲ ਕੇ ਇਸ ਸਬੰਧੀ ਹੁਣੇ ਤੋਂ ਹੀ ਚੈਕਿੰਗਾਂ ਕਰਨ ਨੂੰ ਯਕੀਨੀ ਬਣਾਉਣ ਅਤੇ ਇਸ ਐਕਟ ਦੀ ਉਲੰਘਣਾ ਕਰਨ ਵਾਲੇ ਮਠਿਆਈ ਵਿਕਰੇਤਾਵਾਂ,ਦੁਕਾਨਾਂਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਸਖਤ ਕਾਰਵਾਈ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਡਾ. ਨਿਧੀ ਕੁਮੁਦ ਬਾਂਬਾ ਵੱਲੋਂ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਕਰਨ ਮੌਕੇ ਕੀਤਾ। ਉਨ੍ਹਾਂ ਇਸ ਚੈਕਿੰਗ ਮੁਹਿੰਮ ਨੂੰ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨ ਦੇ ਸਖਤ ਦਿਸ਼ਾ ਨਿਰਦੇਸ਼ ਵਿਭਾਗਾਂ ਨੂੰ ਜਾਰੀ ਕੀਤੇ ਅਤੇ ਮਠਿਆਈ ਵਿਕਰੇਤਾਵਾਂ,ਦੁਕਾਨਾਂਦਾਰਾਂ,ਰੇਹੜੀ ਫੜ੍ਹੀ ਵਾਲਿਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਫਸਣ ਤੋਂ ਬਚਣ ਲਈ ਫੂਡ ਸੇਫ਼ਟੀ ਐਕਟ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀਮਤੀ ਗੀਤਾ, ਜ਼ਿਲ੍ਹਾ ਸਿਹਤ ਅਫ਼ਸਰ-ਕਮ-ਡੈਜੀਗਨੇਟਰਡ ਅਫ਼ਸਰ ਫੂਡ ਸੇਫਟੀ ਸ੍ਰੀਮਤੀ ਸਤਿੰਦਰ ਕੌਰ, ਫੂਡ ਸੇਫਟੀ ਅਫ਼ਸਰ ਯੋਗੇਸ਼ ਗੋਇਲ, ਸੁਖਰਾਜ ਸਿੰਘ ਵਿਰਕ ਐਫ.ਐਮ.ਡੀ.ਐਸ., ਡੀ.ਐਸ.ਪੀ. ਜੇਲ੍ਹ ਮੋਗਾ ਸ੍ਰੀ ਪ੍ਰੀਤਮਪਾਲ ਸਿੰਘ ਅਤੇ ਹੋਰ ਵੀ ਅਧਿਕਾਰੀ ਸ਼ਾਮਿਲ ਸਨ। ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਮਿਠਾਈ ਵਿਕਰੇਤਾ ਸਿਰਫ਼ ਫੂਡ ਗ੍ਰੇਡ ਆਈ.ਐਸ.ਆਈ. ਮਾਰਕ ਦੇ ਰੰਗ ਦੀ ਹੀ ਵਰਤੋਂ ਕਰਨ ਅਤੇ ਉਸਦੀ ਫੂਡ ਸੇਫਟੀ ਐਕਟ ਅਨੁਸਾਰ ਮਾਤਰਾ ਵੀ ਸਹੀ ਹੋਣੀ ਚਾਹੀਦੀ ਹੈ। ਫੂਡ ਗ੍ਰੇਡ ਆਈ.ਐਸ.ਆਈ. ਮਾਰਕ ਤੋਂ ਬਗੈਰ ਨਕਲੀ ਰੰਗ ਸਿਹਤ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੁੰਦੇ ਹਨ ਜਿੰਨ੍ਹਾਂ ਨਾਲ ਜਾਨਲੇਵਾ ਬਿਮਾਰੀਆਂ ਮਨੁੱਖੀ ਸਰੀਰ ਨੂੰ ਘੇਰ ਸਕਦੀਆਂ ਹਨ। ਉਨ੍ਹਾਂ ਫਲ ਸਬਜੀ ਅਤੇ ਜੂਸ ਦੇ ਵਪਾਰੀਆਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਕੋਈ ਵੀ ਗਲਿਆ ਸੜਿਆ ਫਲ ਜਾਂ ਸਬਜੀ ਦੀ ਵਿਕਰੀ ਨਾ ਕੀਤੀ ਜਾਵੇ। ਸਾਰੇ ਖਾਣ ਪੀਣ ਦੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਦਾਰੇ ਦਾ ਫੂਡ ਸੇਫਟੀ ਲਾਇਸੰਸ/ਰਜਿਸਟ੍ਰੇਸ਼ਨ ਬਣਵਾ ਲੈਣ ਜੇੋ ਆਨਾਈਨ http://www.foscos.fssai.gov.in  ਉੱਪਰੋਂ ਅਪਲਾਈ ਹੋ ਸਕਦਾ ਹੈ ਅਤੇ ਇਸਨੂੰ ਸਮੇਂ ਸਿਰ ਰੀਨਿਊ ਵੀ ਕਰਵਾਇਆ ਜਾਵੇ। ਫੂਡ ਸੇਫਟੀ ਲਾਇਸੰਸ ਨੂੰ ਆਪਣੇ ਕਾਊਂਟਰ ਉੱਪਰ ਲਗਾ ਕੇ ਰੱਖਿਆ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਫੂਡ ਸੇਫ਼ਟੀ ਐਕਟ-2006 ਬਾਰੇ ਜਾਣਕਾਰੀ ਤੋਂ ਇਲਾਵਾ ਗੁਡ ਮੈਨੂਫੈਕਚਰਿੰਗ ਪ੍ਰੈਕਟਿਸਜ਼ (ਜੀ.ਐਮ.ਪੀ.), ਗੁਡ ਹਾਈਜਿੰਨ ਪ੍ਰੈਕਟਿਸਜ਼ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਮੋਗਾ ਸ਼ਹਿਰ ਵਿੱਚ ਫਾਸਟ ਫੂਡ/ਗੋਲ ਗੱਪੇ/ਟਿੱਕੀਆਂ ਆਦਿ ਵੇਚਣ ਵਾਲਿਆਂ ਨੂੰ ਸਖਤੀ ਨਾਲ ਹਦਾਇਤ ਕੀਤੀ ਕਿ ਉਹ ਆਪਣੇ ਹੱਥਾਂ ਵਿੱਚ ਦਸਤਾਨੇ਼, ਸਿਰ ਉੱਪਰ ਟੋਪੀ ਅਤੇ ਐਪਰਨ ਪਾ ਕੇ ਹੀ ਆਪਣਾ ਖਾਣ ਪੀਣ ਦਾ ਕੰਮ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਹਰ ਕਸਬੇ ਅਤੇ ਤਹਿਸੀਲ ਅਧੀਨ ਆਉਂਦੀਆਂ ਮਠਿਆਈ ਦੀਆਂ ਦੁਕਾਨਾਂ, ਡਾਇਰੀਆਂ ਅਤੇ ਕਰਿਆਨਿਆਂ ਦੀਆਂ ਦੁਕਾਨਾਂ ਦੀ ਚੈਕਿੰਗ ਤਿਉਹਾਰੀ ਸੀਜ਼ਨ ਮੱਦੇਨਜ਼ਰ ਸਖਤੀ ਨਾਲ ਕੀਤੀ ਜਾਵੇਗੀ।--