ਜ਼ਿਲ੍ਹੇ ‘ਚ ਲੰਪੀ ਸਕਿਨ ਦੀ ਬਿਮਾਰੀ ਤੋਂ ਬਚਾਉਣ ਲਈ ਗਊਆਂ ਦੀ ਟੀਕਾਕਰਨ ਮੁਹਿੰਮ ਸ਼ੁਰੂ : ਬਾਂਸਲ

  • ਜ਼ਿਲ੍ਹੇ ਵਿੱਚ ਕਰੀਬ 34 ਹਜ਼ਾਰ ਗਊਆਂ ਦੇ ਮੁਫ਼ਤ ਟੀਕਾਕਰਨ ਲਈ 27 ਟੀਮਾਂ ਦਾ ਕੀਤਾ ਗਿਆ ਗਠਨ :ਏ.ਡੀ.ਸੀ

ਮਾਲੇਰਕੋਟਲਾ, 26 ਫਰਵਰੀ : ਪੰਜਾਬ ਵਿੱਚ ਗਾਵਾਂ ਨੂੰ ਲੰਪੀ ਸਕਿੰਨ ਦੀ ਬਿਮਾਰੀ ਤੋਂ ਬਚਾਉਣ ਲਈ ਸੂਬੇ ਭਰ ਵਿੱਚ ਮੁਫਤ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਜਿਲ੍ਹਾ ਮਾਲੇਰਕੋਟਲਾ ਵਿੱਚ ਵੀ ਪਸ਼ੂਆ ਦਾ ਟੀਕਾਕਰਨ ਸੁਰੂ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕਰੀਬ  34 ਹਜ਼ਾਰ ਗਊਆਂ ਦੇ ਲੰਪੀ ਸਕਿਨ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ । ਜ਼ਿਲ੍ਹੇ ਦੀਆਂ ਵੱਧ ਤੋਂ ਵੱਧ ਗਊਆਂ ਨੂੰ ਇਸ ਵੈਕਸੀਨ ਨਾਲ ਕਵਰ ਕਰਨ ਲਈ ਵੈਟਰਨਰੀ ਅਫ਼ਸਰਾਂ ਦੀ ਅਗਵਾਈ ਹੇਠ 27 ਟੀਮਾਂ ਦਾ ਗਠਨ ਕੀਤਾ ਗਿਆ ਹੈ ਇਹ ਟੀਮਾਂ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਅਤੇ ਜ਼ਿਲ੍ਹੇ ਦੀਆਂ ਸਮੁੱਚੀਆਂ ਗਊਸ਼ਾਲਾਵਾਂ ਵਿੱਚ ਜਾ ਕੇ ਲੰਪੀ ਸਕਿਨ ਦੇ ਖ਼ਤਰੇ ਨੂੰ ਘਟਾਉਣ ਵਾਲੀ ਵੈਕਸ਼ੀਨੇਸ਼ਨ ਕਰਨ ਨੂੰ ਯਕੀਨੀ ਬੁਣਾਉਣਗੀਆਂ ।  ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਅਤੇ ਗਊਸ਼ਾਲਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ (ਗਾਵਾਂ) ਨੂੰ ਪਹਿਲ ਦੇ ਆਧਾਰ ਤੇ ਇਹ ਵੈਕਸੀਨ ਲਗਵਾਉਣ ਤਾਂ ਜੋ ਨਾ ਮੁਰਾਦ ਬਿਮਾਰੀ ਤੋਂ ਪਸੂਆਂ ਨੂੰ ਬਚਾਇਆ ਜਾ ਸਕੇ । ਉਨ੍ਹਾਂ ਪਸ਼ੂ ਪਾਲਕਾਂ ਨੂੰ  ਪਸੂ ਪਾਲਣ ਵਿਭਾਗ ਦੀਆਂ ਇਨ੍ਹਾਂ ਟੀਮਾਂ ਦਾ ਸਹਿਯੋਗ ਕਰਨ ਲਈ ਕਿਹਾ । ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਆਈ ਲੰਪੀ ਸਕਿੰਨ ਨਾਂ ਦੀ ਭਿਆਨਕ ਬਿਮਾਰੀ ਨਾਲ ਪਸ਼ੂਆਂ ਦਾ ਬਹੁਤ ਹੀ ਨੁਕਸਾਨ ਹੋਇਆ ਸੀ। ਜਿਸ ਕਾਰਨ ਪਸ਼ੂ ਪਾਲਕਾਂ ਨੂੰ ਕਾਫੀ ਆਰਥਿਕ ਘਾਟਾ ਝੱਲਣਾ ਪਿਆ। ਉਨ੍ਹਾਂ ਜਿਲ੍ਹਾ  ਵਾਸੀਆਂ ਨੂੰ ਕਿਹਾ ਕਿ ਜਦੋਂ ਵੀ ਵਿਭਾਗ ਦਾ ਨੁਮਾਇਂਦਾ ਤੁਹਾਡੇ ਘਰ ਟੀਕਾਕਰਨ ਲਈ ਆਊਂਦਾ ਹੈ ਤਾਂ ਪਸ਼ੂਆਂ ਦੇ ਟੀਕੇ ਲਾਜਮੀ ਲਗਾਉਣ ਵਿੱਚ ਉਨ੍ਹਾਂ ਦਾ ਸਹਿਯੋਗ ਦਿੱਤਾ ਜਾਵੇ।  ਜ਼ਿਲ੍ਹਾ ਵੈਟਰਨਰੀ ਅਫਸਰ ਡਾਕਟਰ ਸੁਖਵਿੰਦਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਪਸ਼ੂਆਂ ਵਿੱਚ ਫਰੀ ਡੀਵਰਮਿੰਗ ਮੁਹਿੰਮ ਤਹਿਤ ਪੇਟ ਦੇ ਕੀੜਿਆਂ ਦੀ ਮੁਫਤ ਦਵਾਈ ਘਰ ਘਰ ਜਾ ਕੇ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਜੇਕਰ ਫਿਰ ਵੀ ਕੋਈ ਪਸ਼ੂ ਇਸ ਦਵਾਈ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਹ ਆਪਣੇ ਨੇੜੇ ਦੀ ਪਸ਼ੂ ਸੰਸਥਾ ਵਿੱਚ ਜਾ ਕੇ ਆਪਣੇ ਪਸ਼ੂਆਂ ਲਈ ਪੇਟ ਦੇ ਕੀੜਿਆਂ ਦੀ ਮੁਫਤ ਦਵਾਈ ਪ੍ਰਾਪਤ ਕਰ ਸਕਦਾ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਮੂੰਹ-ਖੁਰ ਦੀ ਬਿਮਾਰੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਸ ਤਹਿਤ  ਪਸੂਆਂ ਨੂੰ ਮੂੰਹ ਖੁਰ ਬਿਮਾਰੀ ਦੇ 01 ਲੱਖ 18 ਹਜਾਰ 800 ਟੀਕੇ ਮੁਫ਼ਤ ਲਗਾਏ ਗਏ ਹਨ। ਇਸ ਤੋਂ ਇਲਾਵਾ 12  ਹਜਾਰ 900 ਭੇਡਾਂ, ਬੱਕਰੀਆਂ ਦੀ ਈ.ਟੀ.ਵੀ ਵੈਕਸੀਨ ਦੀਆਂ ਖ਼ੁਰਾਕਾਂ ਮੁਫ਼ਤ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਵੱਡੇ ਪਸ਼ੂਆਂ ਦੇ ਪੇਟ ਦੇ ਕੀੜੇ ਦੀਆਂ ਇੱਕ ਲੱਖ ਦੋ ਹਜਾਰ ਅਤੇ ਛੋਟੇ ਪਸ਼ੂਆਂ ਲਈ 16 ਹਜਾਰ 200 ਗੋਲੀਆਂ ਬਿਲਕੁਲ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ । ਇਸ ਮੌਕੇ ਵੈਟਰਨਰੀ ਅਫ਼ਸਰ ਡਾਕਟਰ ਵਿਕਰਮ ਕਪੂਰ ਨੇ ਦੱਸਿਆ ਕਿ ਅੱਜ ਵੈਟਰਨਰੀ ਅਫ਼ਸਰਾਂ ਦੀ ਅਗਵਾਈ ਹੇਠ  ਗਠਿਤ ਟੀਮਾਂ ਵਲੋਂ ਗਊਆਂ, ਵੱਛੀਆਂ ਤੇ ਵੱਛਿਆਂ ਦਾ ਘਰ-ਘਰ ਜਾ ਕੇ ਅਤੇ ਗਊਸ਼ਾਲਾਵਾਂ  ਵਿਖੇ ਜਾ ਕੇ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ । ਲੰਮੀ ਸਕਿਨ ਦੀ ਬਿਮਾਰੀ ਜ਼ਿਆਦਾ ਤਰ ਬਰਸਾਤੀ ਮੌਸਮ ਦੌਰਾਨ ਮੱਖੀ,ਮੱਛਰ, ਚਿੱਚੜ ਆਦਿ ਨਾਲ ਫੈਲਦੀ ਹੈ। ਪੀੜਤ ਪਸੂ ਦੀ ਚਮੜੀ ਤੇ ਧੱਫੜ,ਤੇਜ਼ ਬੁਖ਼ਾਰ,ਪੈਰਾ ਦੀ ਸੋਜ, ਦੁੱਧ ਦਾ ਘਟਣਾ, ਪਸੂ ਦੀ ਭੁੱਖ ਦਾ ਘਟਣਾ ਇਸ ਦੇ ਮੁੱਖ ਲੱਛਣ ਹਨ। ਉਨ੍ਹਾਂ ਹੋਰ ਦੱਸਿਆ ਕਿ ਜੋ ਬਿਮਾਰ ਪਸੂ ਜੋ ਲਗਾਤਾਰ ਸੰਤੁਲਿਤ ਖ਼ੁਰਾਕ ਖਾਂਦੇ ਰਹਿੰਦੇ ਹਨ , ਉਹ ਕੁਝ ਸਾਵਧਾਨੀਆਂ ਉਪਰੰਤ ਜ਼ਿਆਦਾ ਤਰ ਖ਼ੁਦ ਠੀਕ ਹੋ ਜਾਂਦੇ ਹਨ ।ਇਸ ਲਈ ਪਸੂ ਪਾਲਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ।