ਸਪੀਕਰ ਵੱਲੋਂ ਕੋਟਕਪੂਰਾ ਵਿਖੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ

  • ਵਿਕਾਸ ਕਾਰਜ 7 ਕਰੋੜ 64 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣਗੇ

ਕੋਟਕਪੂਰਾ 22 ਅਕਤੂਬਰ 2024 : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਨਗਰ ਕੌਂਸਲ ਕੋਟਕਪੂਰਾ ਅਧੀਨ ਆਉਂਦੇ ਵੱਖ-ਵੱਖ ਵਾਰਡਾਂ ਵਿਚ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾ ਕਿਹਾ ਕਿ ਕੋਟਕਪੂਰਾ ਸ਼ਹਿਰ ਵਿਚ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਜਲਦੀ ਹੀ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਰਾਜ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿਚ ਸ਼ਹਿਰਾਂ ਅਤੇ ਪਿੰਡਾਂ ਦਾ ਜੰਗੀ ਪੱਧਰ ਤੇ ਵਿਕਾਸ ਕਰਵਾਇਆ ਜਾਵੇਗਾ। ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਅੱਜ ਕੋਟਕਪੂਰਾ ਦੇ ਵਾਰਡ ਨੰਬਰ 9 ਦੀਆਂ ਵੱਖ-ਵੱਖ ਗਲੀਆਂ ਦੀ ਇੰਟਰਲਾਕਿੰਗ ਲਈ ਨੀਂਹ ਪੱਥਰ ਰੱਖੇ ਅਤੇ ਉਨ੍ਹਾਂ ਦੱਸਿਆ ਕਿ ਇਸ ਵਾਰਡ ਵਿਚ ਇੰਟਰਲਾਕਿੰਗ ਤੇ 53 ਲੱਖ ਰੁਪਏ ਖਰਚਾ ਆਵੇਗਾ। ਇਸੇ ਤਰ੍ਹਾਂ ਉਨ੍ਹਾਂ ਨਗਰ ਕੌਂਸਲ ਦਫਤਰ ਦੇ ਸਾਹਮਣੇ ਗਲੀ ਦੀ ਇੰਟਰਲਾਕਿੰਗ ਦੇ ਕੰਮ ਦਾ ਵੀ ਨੀਂਹ ਪੱਥਰ ਰੱਖਿਆ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਤੇ 60 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਕੋਟਕਪੂਰਾ ਵਿਖੇ ਨਵੇਂ ਸੀਵਰੇਜ ਅਤੇ ਇੰਟਰਲਾਕਿੰਗ ਦਾ ਕੰਮ ਹੁੱਡਕੋ ਸਕੀਮ ਅਧੀਨ ਕਰਵਾਇਆ ਜਾ ਰਿਹਾ ਹੈ। ਜਿਸ ਵਿਚੋਂ ਵੱਡੀ ਗਿਣਤੀ ਵਿਚ ਕੰਮ ਹੋ ਚੁੱਕੇ ਹਨ ਅਤੇ ਅੱਜ ਦੇਵੀ ਵਾਲਾ ਰੋਡ, ਦੁਆਰੇਆਣਾ ਰੋਡ, ਢਿੱਲੋ ਕਲੋਨੀ ਆਦਿ ਖੇਤਰਾਂ ਵਿਚ ਇਸੇ ਕੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਾਰਜ ਸਾਧਕ ਅਫਸਰ ਸ. ਅਮਰਿੰਦਰ ਸਿੰਘ,  ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਪੀਆਰਓ ਮਨਪ੍ਰੀਤ ਸਿੰਘ ਧਾਲੀਵਾਲ, ਜਲ ਸਪਲਾਈ ਵਿਭਾਗ ਦੇ ਚੀਫ ਇੰਜੀਨੀਅਰ ਸ਼੍ਰੀ ਸੰਦੀਪ ਸਿੰਘ, ਸ਼੍ਰੀ ਸੁਰਿੰਦਰ ਸਿੰਘ ਹਾਜਰ ਸਨ।