ਹਲਕਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਬਾਰੇਕਾ ਵਿਖੇ 10 ਏਕੜ ਜਮੀਨ ਦਾ ਨਜਾਇਜ ਕਬਜਾ ਛੁਡਵਾਇਆ

  • ਪੰਚਾਇਤੀ ਜਮੀਨਾਂ ਦੇ ਨਜਾਇਜ ਕਬਜੇ ਛੁਡਵਾਉਣ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ-ਵਿਧਾਇਕ ਸਵਨਾ

ਫਾਜ਼ਿਲਕਾ, 7 ਅਗਸਤ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀਆਂ ਵਿਸ਼ੇਸ਼ ਹਦਾਇਤਾਂ ਮੁਤਾਬਕ ਅਤੇ ਕੈਬਨਿਟ ਮੰਤਰੀ ਸ. ਲਾਲਜੀਤ ਭੁੱਲਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਚਾਇਤੀ ਜਮੀਨਾਂ ਦੇ ਨਜਾਇਜ ਕਬਜੇ ਛੁਡਾਉਣ ਸਬੰਧੀ ਚਲਾਈ ਗਈ ਮੁਹਿੰਮ ਦੀ ਪਾਲਣਾ ਕਰਦਿਆਂ ਫਾਜ਼ਿਲਕਾ ਹਲਕਾ ਅਧੀਨ ਪੈਂਦੇ ਪਿੰਡ ਬਾਰੇਕਾ ਵਿਖੇ 10 ਏਕੜ ਜਮੀਨ ਦਾ ਨਜਾਇਜ ਕਬਜਾ ਛੁਡਵਾਇਆ ਗਿਆ। ਜਾਣਕਾਰੀ ਦਿੰਦਿਆਂ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਜਮੀਨਾਂ ਦੇ ਨਜਾਇਜ ਕਬਜੇ ਛੁਡਵਾਉਣ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਇਸੇ ਕੜੀ ਤਹਿਤ ਹਲਕਾ ਫਾਜ਼ਿਲਕਾ ਬਲਾਕ ਖੂਈਆਂ ਸਰਵਰ ਗਰਾਮ ਪੰਚਾਇਤ ਬਾਰੇਕਾ ਦੀ 10 ਏਕੜ 3 ਕਨਾਲ ਸ਼ਾਮਲਾਤ ਜਮੀਨ ਦਾ ਪਿਛਲੇ ਕਈ ਸਾਲਾਂ ਤੋਂ ਕੀਤਾ ਨਜਾਇਜ ਕਬਜਾ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੀ ਹਾਜਰੀ ਵਿਚ ਛੁਡਵਾਇਆ ਗਿਆ। ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਪੰਚਾਇਤੀ ਜਮੀਨਾਂ *ਤੇ ਨਜਾਇਜ ਕਬਜਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਛੁਡਵਾਏ ਗਏ ਕਬਜਿਆਂ ਦੀ ਪਾਰਦਰਸ਼ੀ ਢੰਗ ਨਾਲ ਬੋਲੀ ਕਰਵਾ ਕੇ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ। ਇਸ ਮੌਕੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ਼੍ਰੀ ਸੰਜੀਵ ਕੁਮਾਰ ਸ਼ਰਮਾ, ਸ਼੍ਰੀਮਤੀ ਗਗਨਦੀਪ ਕੌਰ ਬੀ.ਡੀ.ਪੀ.ਓ ਖੂਈਆਂ ਸਰਵਰ, ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਫਾਜਿਲਕਾ, ਪੁਲਿਸ ਪ੍ਰਸਾਸ਼ਨ, ਸ਼੍ਰੀ ਗਿਆਨ ਸਿੰਘ ਭੱਟੀ ਪੰਚਾਇਤ ਸਕੱਤਰ ਅਤੇ ਸ਼੍ਰੀ ਰਣਜੀਤ ਸਿੰਘ ਸੰਮਤੀ ਪਟਵਾਰੀ ਬਲਾਕ ਖੂਈਆਂ ਸਰਵਰ ਵੀ ਹਾਜਰ ਰਹੇ।