ਡਿਪਟੀ ਕਮਿਸ਼ਨਰ ਵੱਲੋਂ ਲੰਚ ਸਮੇਂ ਤੋਂ ਬਾਅਦ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ

  • ਸਮੇਂ ਤੋਂ ਪਹਿਲਾਂ ਛੁੱਟੀ ਕਰਨ ਵਾਲਿਆਂ ਨੂੰ ਤਾੜਨਾ

ਮੋਗਾ, 8 ਸਤੰਬਰ :  ਸਰਕਾਰੀ ਦਫ਼ਤਰਾਂ ਵਿੱਚ ਪੂਰਾ ਸਮਾਂ ਸਟਾਫ਼ ਦੀ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਲੰਚ ਸਮੇਂ ਤੋਂ ਬਾਅਦ ਵੱਖ ਵੱਖ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ। ਜਿਸ ਦੌਰਾਨ ਸਾਰੇ ਦਫ਼ਤਰਾਂ ਵਿੱਚ ਸਾਰਾ ਸਟਾਫ਼ ਹਾਜ਼ਰ ਪਾਇਆ ਗਿਆ। ਇਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਤੌਰ ਉੱਤੇ ਦੇਖਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ ਜਾਂ ਕਿਸੇ ਛੁੱਟੀ ਵਾਲੇ ਦਿਨ ਤੋਂ ਪਹਿਲਾਂ ਸਟਾਫ਼ ਸਮੇਂ ਤੋਂ ਪਹਿਲਾਂ ਛੁੱਟੀ ਕਰ ਜਾਂਦੇ ਹਨ। ਜਿਸ ਨਾਲ ਦਫ਼ਤਰੀ ਕੰਮ ਤਾਂ ਪ੍ਰਭਾਵਿਤ ਹੁੰਦਾ ਹੀ ਹੈ। ਸਗੋਂ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮ ਕਰਾਉਣ ਲਈ ਆਉਣ ਵਾਲੇ ਆਮ ਲੋਕ ਵੀ ਖੱਜਲ ਖੁਆਰ ਹੁੰਦੇ ਹਨ।ਇਸ ਨਾਲ ਪ੍ਰਸ਼ਾਸ਼ਨ ਅਤੇ ਸਰਕਾਰ ਦਾ ਅਕਸ ਖ਼ਰਾਬ ਹੁੰਦਾ ਹੈ। ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੂਰੇ ਦਫ਼ਤਰੀ ਸਮੇਂ ਦੌਰਾਨ ਦਫ਼ਤਰਾਂ ਵਿੱਚ ਹਾਜ਼ਰ ਰਹਿਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੀਆਂ ਅਚਾਨਕ ਚੈਕਿੰਗਾਂ ਜਾਰੀ ਰੱਖਣਗੇ। ਉਹਨਾਂ ਸਮੇਂ ਤੋਂ ਪਹਿਲਾਂ ਛੁੱਟੀ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਅਜਿਹਾ ਕਰਦਾ ਧਿਆਨ ਵਿੱਚ ਆਵੇਗਾ ਤਾਂ ਉਹ ਇਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ।