ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਜੱਦੀ-ਪੁਸ਼ਤੀ ਹੱਥੀ ਕੰਮ ਕਰਨ ਵਾਲੇ ਕਾਰੀਗਰ ਅਤੇ ਸ਼ਿਲਪਕਾਰਾਂ ਦੀ ਕਾਰਜ-ਕੁਸ਼ਲਤਾ ਨੂੰ ਕੀਤਾ ਜਾਵੇਗਾ ਉਤਸ਼ਾਹਿਤ : ਡਿਪਟੀ ਕਮਿਸ਼ਨਰ

  • ਪੀ.ਐਮ. ਵਿਸ਼ਵਕਰਮਾ ਯੋਜਨਾ ਅਧੀਨ ਘੱਟ ਵਿਆਜ਼ ਦਰ ’ਤੇ ਕਰਜ਼ਾ ਅਤੇ ਸੰਦ ਖਰੀਦਣ ਲਈ ਵਿਸ਼ੇਸ਼ ਰਾਸ਼ੀ ਦੀ ਸੁਵਿਧਾ-ਪਰਮਵੀਰ ਸਿੰਘ

ਮਾਨਸਾ, 29 ਅਕਤੂਬਰ : ਜੱਦੀ-ਪੁਸ਼ਤੀ ਹੱਥੀ ਕੰਮ ਕਰਨ ਵਾਲੇ ਕਾਰੀਗਰ ਅਤੇ ਸ਼ਿਲਪਕਾਰਾਂ ਦੀ ਕਾਰਜ-ਕੁਸ਼ਲਤਾ ਨੂੰ ਵਧਾਵਾ ਦੇਣ ਲਈ ਸਿਖਲਾਈ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਸੰਦ ਉਪਲੱਬਧ ਕਰਵਾਏ ਜਾਣ ਅਤੇ ਘੱਟ ਵਿਆਜ ’ਤੇ ਕਰਜਾ ਵੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਲਾਭ ਯੋਗ ਵਿਅਕਤੀਆਂ ਨੂੰ ਮਿਲ ਸਕੇ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਸਥਾਨਕ ਬੱਚਤ ਭਵਨ ਵਿਖੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਧੀਨ ਲਾਭਪਾਤਰੀਆਂ ਦੇ ਸੇਵਾ ਕੇਂਦਰਾ ਰਾਹੀਂ ਵਿਸ਼ਵਕਰਮਾ ਕਾਰਡ ਬਣਾਏ ਜਾਣਗੇ। ਇਸ ਦੇ ਲਈ ਘੱਟੋਂ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ। ਕਾਰੀਗਾਰ ਇਹ ਕੰਮ ਜੱਦੀ-ਪੁਸ਼ਤੀ ਕਰ ਰਿਹਾ ਹੋਵੇ। ਇਕ ਪਰਿਵਾਰ ਵਿੱਚ ਇੱਕ ਹੀ ਕਾਰਡ ਬਣ ਸਕਦਾ ਹੈ। ਸੰਦ ਖਰੀਦਣ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਆਪਣੇ ਕਿੱਤੇ ਨਾਲ ਜੁੜੀ ਢੁਕਵੀਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਪਹਿਲੀ ਸਟੇਜ ’ਤੇ 1 ਲੱਖ ਰੁਪਏ ਦਾ ਕਰਜਾ 5 ਫੀਸਦੀ ਦਰ ’ਤੇ ਲਿਆ ਜਾ ਸਕਦਾ ਹੈ, ਜੋ ਕਿ 18 ਮਹੀਨੇ ਵਿੱਚ ਵਾਪਿਸ ਕਰਨਾ ਹੋਵੇ। ਦੂਜੀ ਸਟੇਜ ’ਤੇ 2 ਲੱਖ ਰੁਪਏ ਦੇ ਕਰਜਾ ਲਿਆ ਜਾ ਸਕਦਾ ਹੈ, ਜਿਸ ਦੀ 30 ਮਹੀਨੇ ਵਿੱਚ ਵਾਪਸੀ ਕਰਨੀ ਹੋਵੇਗੀ। ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਸ਼੍ਰੀ ਨੀਰਜ ਸੇਤੀਆ ਨੇ ਦੱਸਿਆ ਕਿ ਇਸ ਸਕੀਮ ਅਧੀਨ 18 ਤਰ੍ਹਾਂ ਦੇ ਕਿੱਤੇ ਤਰਖਾਣ, ਸੁਨਿਆਰ, ਘੁਮਿਆਰ, ਲੁਹਾਰ, ਮੋਚੀ, ਰਾਜ-ਮਿਸਤਰੀ, ਮਾਲਾ ਬਣਾਉਣ ਵਾਲੇ, ਧੋਬੀ, ਦਰਜੀ, ਨਾਈ ਆਦਿ ਕਾਰੀਗਰ ਸਾਮਿਲ ਹਨ । ਉਹਨਾਂ ਇਹ ਵੀ ਦੱਸਿਆ ਕਿ ਇਸ ਸਕੀਮ ਅਧੀਨ ਰਜਿਸਟ੍ਰੇਸ਼ਨ ਪੰਜਾਬ ਦੇ 7 ਜਿਲਿ੍ਹਆਂ ਵਿੱਚ ਸ਼ੁਰੂ ਹੋ ਚੁੱਕੀ ਹੈ, ਜਲਦੀ ਹੀ ਇਹ ਰਜਿਸਟ੍ਰੇਸ਼ਨ ਜ਼ਿਲ੍ਹਾ ਮਾਨਸਾ ਵਿੱਚ ਵੀ ਸੀ.ਐੱਸ.ਸੀ. ਕੇਂਦਰਾਂ ਰਾਹੀਂ ਸੁਰੂ ਹੋ ਜਾਵੇਗੀ । ਮੀਟਿੰਗ ਵਿੱਚ ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਬੀ.ਡੀ.ਪੀ.ਓ., ਕਾਰਜ ਸਾਧਕ ਅਫਸਰ ਅਤੇ ਸਮੂਹ ਬੈਂਕ ਮੈਨੇਜਰ ਸ਼ਾਮਿਲ ਹੋਏ।