ਆਯੂਸ਼ਮਾਨ ਭਵ ਪ੍ਰੋਗਰਾਮ ਤਹਿਤ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਸਿਹਤ ਮੇਲਾ ਆਯੋਜਿਤ

ਫਾਜ਼ਿਲਕਾ, 26 ਸਤੰਬਰ : ਸਿਹਤ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਫਾਜ਼ਿਲਕਾ ਅਧੀਨ ਆਉਂਦੇ ਵੱਖ-ਵੱਖ ਸਿਹਤ ਕੇਂਦਰਾਂ ਤੇ ਆਯੁਸ਼ਮਾਨ ਭਵ ਪ੍ਰੋਗਰਾਮ ਤਹਿਤ ਅੱਜ ਹੈਲਥ ਮੇਲੇ ਲਗਾਏ ਗਏ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਅਤੇ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਪ੍ਰੋਗਰਾਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸਿਹਤ ਜਾਗਰੂਕਤਾ ਲਿਆਉਣ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਸਕੀਮ ਤਹਿਤ ਹਰ ਯੋਗ ਲਾਭਪਾਤਰੀ ਨੂੰ ਕਵਰ ਕਰਨ ਲਈ ਨਵੇਂ ਕਾਰਡ ਬਣਾਉਣ ਸਬੰਧੀ 17 ਸਤੰਬਰ ਤੋਂ ਕੈਪਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਸਿਵਲ ਹਸਪਤਾਲ ਵਲੋ ਇਸ ਦੌਰਾਨ ਖੂਨ ਦਾਨ ਕੈਂਪ ਵੀ ਲਗਾਏ ਗਏ ਹਨ ਅਤੇ ਨਾਲ ਹੀ ਅੰਗਦਾਨ ਨੂੰ ਉਤਸਾਹਿਤ ਕਰਨ ਸਬੰਧੀ ਸਹੁੰ ਚੁੱਕ ਸਮਾਗਮ ਵੀ ਆਯੋਜਿਤ ਕੀਤੇ ਜਾ ਰਹੇ ਹੈ। । ਉਨ੍ਹਾਂ ਨੇ ਦੱਸਿਆ ਕਿ ਸਾਫ ਸਫਾਈ ਦੇ ਮਹੱਤਵ ਨੂੰ ਹੁਲਾਰਾ ਦੇਣ ਲਈ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ ਅਤੇ 2 ਅਕਤੂਬਰ ਨੂੰ ਗ੍ਰਾਮ ਸਭਾ ਦੇ ਇਜਲਾਸ ਕਾਰਵਾਏ ਜਾਣਗੇ। ਫਾਜ਼ਿਲਕਾ ਦੇ ਬਲਾਕ ਡੱਬਵਾਲਾ ਕਲਾ, ਖੁਈਖੇੜਾ ਜੰਡਵਾਲਾ ਭੀਮੇਸ਼ਾਹ ਅਤੇ ਸੀਤੋ ਗੁੰਨੋ ਵਿਖੇ ਵੱਖ ਵੱਖ ਪਿੰਡਾਂ ਵਿਖੇ ਸਿਹਤ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ । ਇਹਨਾਂ ਮੇਲਿਆਂ ਦੌਰਾਨ ਸਿਹਤ ਕਰਮੀਆਂ ਨੇ ਲੋਕਾਂ ਦੀ ਸਿਹਤ ਜਾਂਚ, ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਕਰਨ ਦੇ ਨਾਲ-ਨਾਲ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ, ਆਭਾ ਆਈ.ਡੀ ਬਣਾਉਣ ਦੇ ਮਹੱਤਵ ਅਤੇ ਹੋਰ ਸਿਹਤ ਸਹੂਲਤਾਂ ਬਾਰੇ ਜਾਗਰੂਕ ਕੀਤਾ। ਉਹਨਾਂ ਨੇ ਕਿਹਾ ਕਿ ਆਭਾ ਆਈ.ਡੀ ਨਾਲ ਵਿਅਕਤੀ ਦਾ ਮੈਡੀਕਲ ਰਿਕਾਰਡ ਰਖਿਆ ਜਾ ਸਕਦਾ ਹੈ ਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਮਹੱਤਵ ਹੋਰ ਵਧੇਗਾ। ਇਸ ਮੌਕੇ ਵੱਖ-ਵੱਖ ਸਿਹਤ ਕੇਂਦਰਾਂ ਦਾ ਸਟਾਫ, ਸੀ.ਐਚ.ਓ, ਮ.ਪ.ਹ.ਸ (ਮੇਲ ਤੇ ਫੀਮੇਲ), ਮ.ਪ.ਹ.ਵ (ਮੇਲ ਤੇ ਫੀਮੇਲ), ਆਸ਼ਾ ਸੁਪਰਵਾਈਜ਼ਰ ਤੇ ਆਸ਼ਾ ਵਰਕਰ ਅਤੇ ਪਿੰਡ ਵਾਸੀ ਆਦਿ ਮੌਜੂਦ ਸਨ।