ਲਾਵਾਰਿਸ ਲੜਕੀ ਨੂੰ ਉਸ ਦੇ ਮਾਪਿਆਂ ਨਾਲ ਮਿਲਵਾਇਆ

ਫਰੀਦਕੋਟ 18 ਅਕਤੂਬਰ : ਪਿਛਲੇ ਦਿਨੀਂ ਸ਼੍ਰੀਮਤੀ ਨਵਜੋਤ ਕੌਰ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ  ਸਹਿਤ ਚੇਅਰਪਰਸਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਨੇ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਸਮਿਤੀ ਫਰੀਦਕੋਟ ਦਾ ਦੌਰਾ ਕੀਤਾ । ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਜੀਤ ਪਾਲ ਸਿੰਘ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੀ ਸੈਸ਼ਨਜ ਜ਼ੱਜ ਸਾਹਿਬ ਦੇ ਨਾਲ ਸਨ । ਇਸ ਮੌਕੇ ਜੱਜ ਸਾਹਿਬ ਨੇ ਇਸ ਧਾਮ ਵਿੱਚ ਰਹਿ ਰਹੇ ਬੱਚਿਆਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੇ ਰਹਿਣ, ਖਾਣ ਦਾ ਨਿਰੀਖਣ ਕੀਤਾ । ਇਸ ਮੌਕੇ ਜੱਜ ਸਾਹਿਬ ਨੇ ਸਾਰੇ ਬੱਚਿਆਂ ਬਾਰੇ ਇਸ ਸੰਸਥਾ ਦੇ ਮੈਨੇਜਰ ਸ਼੍ਰੀ ਦੀਪਕ ਸ਼ਰਮਾ ਤੋਂ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਖਾਣ ਪੀਣ, ਰਹਿਣ ਸਹਿਣ ਅਤੇ ਉਨ੍ਹਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਬਾਰੇ ਵਿਸ਼ੇਸ਼ ਤੌਰ ਤੇ ਗੱਲ ਬਾਤ ਕੀਤੀ । ਇਸ ਮੌਕੇ ਇਸ ਧਾਮ ਵਿਖੇ ਇੱਕ 13 ਸਾਲ ਦੀ ਲਾਵਾਰਿਸ ਬੱਚੀ ਪਾਈ ਗਈ । ਇਸ ਬਾਰੇ ਪੁੱਛਣ ਤੇ ਇਹ ਪਾਇਆ ਗਿਆ ਕਿ ਇਹ ਲੜਕੀ ਕੋਟਕਪੂਰਾ ਰੋਡ ਤੇ ਲਾਵਾਰਿਸ ਪਾਈ ਗਈ । ਇਸ ਲੜਕੀ ਨੂੰ ਚਾਈਲਡ ਲਾਈਨ ਕੋਆਰਡੀਨੇਟਰ ਮਿਸ ਸੋਨੀਆ ਰਾਣੀ ਸਮੇਤ ਪੁਲਿਸ ਪਾਰਟੀ ਵੱਲੋਂ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਦਾ ਨਾਮ ਛੋਟੀ ਕੁਮਾਰੀ ਪੁੱਤਰੀ ਅਰਜਨ ਮੰਡਲ, ਮਾਤਾ ਦਾ ਨਾਮ ਮੰਜੂ ਦੇਵੀ ਵਾਸੀ ਜ਼ਿਲ੍ਹਾ ਬਾਗਲਪੁਰ, ਥਾਣਾ ਕਹਿਲਗਾਉ, ਬਿਹਾਰ ਨਾਲ ਸਬੰਧਤ ਹੈ । ਚਾਈਲਡ ਲਾਈਨ ਕੋਆਰਡੀਨੇਟਰ ਵੱਲੋਂ ਇਸ ਲੜਕੀ ਨੂੰ ਟੈਂਪਰੇਰੀ ਸ਼ੈਲਟਰ ਹੋਮ (ਰਾਧਾ ਕ੍ਰਿਸ਼ਨ ਧਾਮ ਸਮਿਤੀ ਫਰੀਦਕੋਟ) ਵਿਖੇ ਲਿਆਂਦਾ ਗਿਆ ਹੈ ਅਤੇ ਇੱਥੇ ਆਰਜੀ ਤੌਰ ਤੇ ਇਸ ਲੜਕੀ ਦੇ ਰਹਿਣ ਸਹਿਣ ਦੀ ਵਿਵਸਥਾ ਕੀਤੀ ਗਈ ਹੈ । ਇਸ ਮੌਕੇ ਸੈਸ਼ਨਜ਼ ਜੱਜ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਜੀਤ ਪਾਲ ਸਿੰਘ ਨੂੰ ਹੁਕਮ ਜਾਰੀ ਕੀਤੇ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਬਾਲ ਭਲਾਈ ਵਿਭਾਗ ਨਾਲ ਇਸ ਵਿਸ਼ੇ ਸਬੰਧੀ ਰਾਬਤਾ ਕਾਇਮ ਕੀਤਾ ਜਾਵੇ ਅਤੇ ਜਲਦੀ ਤੋਂ ਜਲਦੀ ਇਸ ਲੜਕੀ ਦੇ ਮਾਪਿਆਂ ਨਾਲ ਤਾਲਮੇਲ ਕੀਤਾ ਜਾਵੇ । ਇਸ ਤੋਂ ਇਲਾਵਾ ਸੈਸ਼ਨਜ਼ ਜੱਜ ਸਾਹਿਬ ਨੇ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਨਾਲ ਇਸ ਵਿਸ਼ੇ ਸਬੰਧੀ ਰਾਬਤਾ ਕਾਇਮ ਕਰਕੇ ਇਸ ਲੜਕੀ ਨੂੰ ਘਰ ਪਹੁੰਚਾਉਣ ਦੀ ਵਿਵਸਥਾ ਕੀਤੀ । ਇਸ ਤੋਂ ਬਾਅਦ ਸੈਸ਼ਨਜ਼ ਜੱਜ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਮੁੱਖ ਦਫ਼ਤਰ ਦੇ ਰਾਹੀਂ ਅਤੇ ਜ਼ਿਲ੍ਹਾ ਬਾਲ ਵਿਕਾਸ ਅਤੇ ਭਲਾਈ ਵਿਭਾਗ ਫਰੀਦਕੋਟ ਨਾਲ ਤਾਲਮੇਲ ਇਸ ਲੜਕੀ ਦੇ ਮਾਪਿਆਂ ਨਾਲ ਬਿਹਾਰ ਵਿਖੇ ਰਾਬਤਾ ਕੀਤਾ ਗਿਆ ਅਤੇ ਇਸ ਲੜਕੀ ਨੂੰ ਉਸ ਦੇ ਮਾਪਿਆਂ ਨੂੰ ਸਪੁਰਦ ਕੀਤਾ ਗਿਆ । ਇਸ ਵਿਸ਼ੇਸ਼ ਕਾਰਜ ਨੂੰ ਸੰਪੂਰਨ ਕਰਨ ਲਈ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਵੱਲੋਂ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ, ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ, ਜ਼ਿਲ੍ਹਾ ਬਾਲ ਵਿਕਾਸ ਅਤੇ ਭਲਾਈ ਵਿਭਾਗ ਫਰੀਦਕੋਟ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਸਮਿਤੀ ਫਰੀਦਕੋਟ ਦਾ ਤਹਿ ਦਿਲੋਂ ਧੰਨਵਾਦ ਕੀਤਾ ।