ਨਦੀ ਵਿੱਚ ਡਿੱਗਣ ਕਾਰਨ ਦੋ ਚਚੇਰੀਆਂ ਭੈਣਾਂ ਦੀ ਮੌਤ 

ਪਟਿਆਲਾ, 21 ਅਗਸਤ : ਪਿੰਡ ਬੁਧਮੋਰ (ਦੇਵੀਗੜ੍ਹ) ਵਿੱਚ ਆਪਣੇ ਦਾਦੇ ਨਾਲ ਖਾਣ ਲਈ ਅਮਰੂਦ ਤੋੜਨ ਗਈਆਂ ਦੋ ਚਚੇਰੀਆਂ ਭੈਣਾਂ ਪੈਰ ਤਿਲਕਣ ਕਾਰਨ ਟਾਂਗਰੀ ਨਦੀ ਵਿੱਚ ਡਿੱਗ ਗਈਆਂ, ਜਿਸ ਕਾਰਨ ਉਨ੍ਹਾਂ ਦੀ ਪਾਣੀ ਵਿੱਚ ਡੁੱਬ ਜਾਣ ਕਰਕੇ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਦੋਵਾਂ ਬੱਚੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਮ੍ਰਿਤਕ ਬੱਚੀਆਂ ਦੀ ਪਹਿਚਾਣ ਮੰਜੂ ਦੇਵੀ (11) ਪੁੱਤਰੀ ਗੁਰਮੀਤ ਸਿੰਘ ਅਤੇ ਮਨਦੀਪ ਕੌਰ (9) ਕੁਲਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਵੇਂ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਬੁਧਮੋਰ ਦੀਆਂ ਦੋ ਬੱਚੀਆਂ ਦਾਦੇ ਨਾਲ ਸਵੇਰੇ ਸਾਢੇ 10 ਵਜੇ ਦੇ ਕਰੀਬ ਗਈਆਂ ਸਨ। ਜੋ ਕਿ ਟਾਂਗਰੀ ਨਦੀ ਦੇ ਕੰਢੇ ਤੋਂ ਪਸ਼ੂਆਂ ਲਈ ਘਾਹ ਵੱਢਣ ਗਿਆ ਸੀ, ਉਥੇ ਨਦੀ ਦੇ ਕੰਢੇ ’ਤੇ ਅਮਰੂਦ ਦਾ ਬੂਟਾ ਸੀ। ਜਿਸ ਤੋਂ ਇਹ ਲੜਕੀਆਂ ਉਪਰ ਚੜ੍ਹ ਕੇ ਅਮਰੂਦ ਤੋੜਨ ਲੱਗ ਪਈਆਂ ਅਤੇ ਅਚਾਨਕ ਪੈਰ ਫਿਸਲਣ ਕਾਰਨ ਨਦੀ ਦੇ ਡੂੰਘੇ ਪਾਣੀ ’ਚ ਡਿੱਗ ਗਈਆਂ। ਇਸ ਦੀ ਸੂਚਨਾ ਪੁਲਿਸ ਚੌਕੀ ਰੌਹੜ ਜਾਗੀਰ ਨੂੰ ਦਿਤੀ ਗਈ। ਇਸ ਮਗਰੋਂ ਗੋਤਾਖੋਰਾਂ ਦੀ ਮਦਦ ਨਾਲ ਇਨ੍ਹਾਂ ਦੀਆਂ ਲਾਸ਼ਾਂ ਨੂੰ ਲੱਭਿਆ ਗਿਆ।