ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2  ਦਾ ਮਸ਼ਾਲ ਮਾਰਚ 26 ਅਗਸਤ ਨੂੰ ਪੁੱਜੇਗਾ ਫਤਹਿਗੜ੍ਹ ਸਾਹਿਬ : ਪਰਨੀਤ ਸ਼ੇਰਗਿੱਲ

  • ਮੁਹਾਲੀ ਤੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ  ਦਾਖਲ ਹੋਣ ਵਾਲੇ ਮਾਰਚ ਦਾ ਚੁੰਨੀ ਕਲਾਂ ਵਿਖੇ ਕੀਤਾ ਜਾਵੇਗਾ ਸਵਾਗਤ  
  • ਜ਼ਿਲ੍ਹੇ ਵਿੱਚ  ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਜ਼ਿਲ੍ਹਾ ਮਲੇਰਕੋਟਲਾ ਵਿੱਚ ਹੋਵੇਗਾ ਦਾਖਲ 

ਫਤਹਿਗੜ੍ਹ ਸਾਹਿਬ, 24 ਅਗਸਤ : ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸ਼ੁਰੂ ਕੀਤੀਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਪਹਿਲੇ ਸਾਲ ਦੀ ਸਫਲਤਾਂ ਤੋਂ ਬਾਅਦ ਇਸ ਸਾਲ ਸੀਜ਼ਨ-2 ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਹਿਲੀ ਵਾਰ ਸੂਬੇ ਭਰ ਵਿੱਚ ਮਸ਼ਾਲ ਮਾਰਚ ਕੀਤਾ ਜਾ ਰਿਹਾ ਹੈ। 22 ਅਗਸਤ 2023 ਤੋਂ ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਹੋਇਆ ਇਹ ਮਾਰਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਦੀ ਹੁੰਦਾ ਹੋਇਆ 26 ਅਗਸਤ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ  ਵਿਖੇ ਪੁੱਜੇਗਾ।  ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਸ਼ਾਲ ਮਾਰਚ ਅਤੇ ਜ਼ਿਲ੍ਹੇ ਵਿੱਚ  ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਕਰਵਾਏ ਜਾਣ ਵਾਲੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਪ੍ਰਬੰਧਾਂ ਸਬੰਧੀ ਸੱਦੀ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 26 ਅਗਸਤ 2023 ਨੂੰ ਇਹ ਮਸ਼ਾਲ ਮਾਰਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਦਾਖਲ ਹੋਵੇਗਾ ਅਤੇ ਚੁੰਨੀ ਕਲਾਂ ਵਿਖੇ ਇਸਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਖਿਡਾਰੀ, ਸਰਕਾਰ ਦੇ ਨੁਮਾਇੰਦੇ ਅਤੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹਿਣਗੇ। ਇਸ ਉਪਰੰਤ ਇਹ ਮਾਰਚ ਫਤਹਿਗੜ੍ਹ ਸਾਹਿਬ ਸ਼ਹਿਰ ਵਿਖੇ ਪੁੱਜੇਗਾ ਅਤੇ ਇੱਥੇ ਪੜਾਅ ਕਰਨ ਉਪਰੰਤ, ਵਿਧਾਨ ਸਭਾ ਹਲਕਾ ਅਮਲੋਹ ਵਿਖੇ ਪੜਾਅ ਕਰਕੇ ਜ਼ਿਲ੍ਹਾ ਮਲੇਰਕੋਟਲਾ ਵਿੱਚ ਦਾਖਲ ਹੋਵੇਗਾ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਬਲਾਕ ਪੱਧਰੀ ਖੇਡਾਂ 01 ਸਤੰਬਰ 2023 ਤੋਂ 10 ਸਤੰਬਰ 2023 ਤੱਕ ਜ਼ਿਲ੍ਹੇ ਵਿੱਚ ਵੱਖੋ-ਵੱਖ ਥਾਂ ਕਰਵਾਈਆਂ ਜਾਣਗੀਆਂ।  ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਖੇਡਾਂ 16 ਸਤੰਬਰ ਤੋਂ 28 ਸਤੰਬਰ ਤੱਕ ਕਰਵਾਈਆਂ ਜਾਣਗੀਆਂ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਸ਼ਾਲ ਮਾਰਚ ਦਾ ਮੁੱਖ ਮਕਸਦ ਲੋਕਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ, ਖਾਸਕਰ ਨੌਜਵਾਨ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਖੇਡਾਂ ਨਾਲ ਜੁੜੇ ਨੌਜਵਾਨ ਜਿੱਥੇ ਨਸ਼ਿਆਂ ਅਤੇ ਹੋਰ ਭੈੜੀਆਂ ਆਦਤਾਂ ਤੋਂ ਬਚੇ ਰਹਿੰਦੇ ਹਨ ਉੱਥੇ ਆਪਣੀ ਮਿਹਨਤ ਨਾਲ ਆਪਣਾ ਅਤੇ ਦੇਸ਼ ਦਾ ਨਾਂ ਵੀ ਰੌਸ਼ਨ ਕਰ ਸਕਦੇ ਹਨ।  ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਖਿਡਾਰੀਆਂ ਲਈ ਰਿਫਰੈਸ਼ਮੈਂਟ,ਖਾਣਾ,ਰਿਹਾਇਸ਼ ਅਤੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ। ਇਸਦੇ ਨਾਲ ਨਾਲ ਮਸ਼ਾਲ ਮਾਰਚ ਦੇ ਰੂਟ ਅਤੇ ਖੇਡ ਮੈਦਾਨਾਂ ਦੀ ਸਾਫ-ਸਫਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਖਿਡਾਰੀਆਂ,ਕੋਚਾਂ ਅਤੇ ਇਨ੍ਹਾਂ ਖੇਡਾਂ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ।  ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਸਬੰਧਤ ਸਾਰੀਆਂ ਥਾਵਾਂ 'ਤੇ ਮੈਡੀਕਲ ਟੀਮਾਂ ਤਾਇਨਾਤ ਕਰਨੀਆਂ ਯਕੀਨੀ ਬਣਾਈਆਂ ਜਾਣ।  
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਸਿੰਗਲ, ਐਸ.ਡੀ.ਐਮ. ਖਮਾਣੋਂ ਡਾ.ਸੰਜੀਵ ਕੁਮਾਰ, ਐਸ.ਡੀ.ਐਮ.ਫਤਹਿਗੜ੍ਹ ਸਾਹਿਬ ਸ.ਹਰਪ੍ਰੀਤ ਸਿੰਘ ਅਟਵਾਲ, ਸਹਾਇਕ ਕਮਿਸ਼ਨਰ ਸ੍ਰੀ ਅਭਿਸ਼ੇਕ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸ੍ਰੀਮਤੀ ਮੰਜੂ ਭਾਰਦਵਾਜ, ਡੀ.ਐਸ.ਓ. ਕੁਲਦੀਪ ਚੁੱਘ, ਕੋਚ ਰਾਹੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।