ਮਾਨਸਾ ਵਿਖੇ ਪਹੁੰਚੀ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਮਸ਼ਾਲ

  • ਵਿਧਾਇਕ ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਮਸ਼ਾਲ ਮਾਰਚ ਦਾ ਕੀਤਾ ਸਵਾਗਤ
  • *ਖੇਡਾਂ ਵਤਨ ਪੰਜਾਬ ਦੀਆਂ ’ਚ ਮਾਨਸਾ ਜ਼ਿਲ੍ਹੇ ਦੇ ਖਿਡਾਰੀ ਵਧ ਚੜ੍ਹ ਕੇ ਲੈਣਗੇ ਹਿੱਸਾ-ਵਿਜੈ ਸਿੰਗਲਾ
  • ਪੰਜਾਬ ਸਰਕਾਰ ਦੀ ਖੇਡ ਪਾਲਿਸੀ ਖਿਡਾਰੀਆਂ ਲਈ ਵਰਦਾਨ ਸਾਬਿਤ ਹੋਵੇਗੀ-ਗੁਰਪ੍ਰੀਤ ਸਿੰਘ ਬਣਾਂਵਾਲੀ
  • ਖੇਡਾਂ ਵਤਨ ਪੰਜਾਬ ਦੀਆਂ ਦੇ ਸੁਚਾਰੂ ਪ੍ਰਬੰਧਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ

ਮਾਨਸਾ, 28 ਅਗਸਤ : ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਲਈ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਸੀਜ਼ਨ-2 ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਹਿਲੀ ਵਾਰ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ। ਇਸ ਮਸ਼ਾਲ ਦਾ ਅੱਜ ਸ਼ਾਮ ਜ਼ਿਲ੍ਹਾ ਮਾਨਸਾ ਪਹੁੰਚਣ ਤੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਮਸ਼ਾਲ ਮਾਰਚ ਨੂੰ ਪਿੰਡ ਹਮੀਰਗੜ੍ਹ ਢੈਪਈ ਵਿਖੇ ਐਸ.ਡੀ.ਐਮ. ਸੁਨਾਮ ਸ੍ਰੀ ਵਿਕਾਸ ਸ਼ਰਮਾ, ਤਹਿਸੀਲਦਾਰ ਅਮਿਤ ਕੁਮਾਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਸੰਗਰੂਰ ਨਵਦੀਪ ਸਿੰਘ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਸ੍ਰੀ ਨਵਜੋਤ ਸਿੰਘ ਧਾਲੀਵਾਲ ਦੇ ਸਪੁਰਦ ਕੀਤਾ ਗਿਆ। ਮਸ਼ਾਲ ਮਾਰਚ ਦੇ ਮਾਨਸਾ ਪੁੱਜਣ ਮੌਕੇ ਰੱਖੇ ਸਾਦੇ ਸਮਾਗਮ ਨੂੰ  ਸੰਬੋਧਨ ਕਰਦਿਆਂ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਿਚ ਪਿਛਲੇ ਸਾਲ ਤੋਂ ਵੀ ਵਧੇਰੇ ਗਿਣਤੀ ਵਿਚ ਮਾਨਸਾ ਦੇ ਖਿਡਾਰੀ ਵਧ ਚੜ੍ਹ ਕੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਲਈ ਪੰਜਾਬ ਸਰਕਾਰ ਵੱਲੋਂ ਇਕ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ ਜਿੱਥੇ ਹੁਨਰਮੰਦ ਬੱਚਿਆਂ ਨੂੰ ਸੁਨਹਿਰੀ ਮੌਕਾ ਮਿਲੇਗਾ, ਜਿਸ ਨਾਲ ਉਹ ਆਪਣੇ ਇਲਾਕੇ ਅਤੇ ਮਾਂ ਬਾਪ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਹੈ ਜਿਸ ਵਿਚ ਹਰ ਉਮਰ ਵਰਗ ਦੇ ਲੋਕ, ਕਲੱਬਾਂ ਦੀਆਂ ਟੀਮਾਂ ਭਾਗ ਲੈ ਸਕਣਗੀਆਂ। ਵਿਧਾਇਕ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਖੇਡਾਂ ਨੂੰ ਲੈ ਕੇ ਬਣਾਈ ਪਾਲਿਸੀ ਖਿਡਾਰੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੰਨ੍ਹਾਂ ਖੇਡਾਂ ਲਈ ਵੱਡਾ ਬਜਟ ਰੱਖਿਆ ਗਿਆ ਹੈ, ਜਿਸ ਵਿਚ ਖਿਡਾਰੀਆਂ ਲਈ ਨਕਦ ਇਨਾਮ ਵੀ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਸਾਡੇ ਨੌਜਵਾਨ ਮੈਦਾਨਾਂ ਦੀ ਰੌਣਕ ਵਧਾਉਣਗੇ ਅਤੇ ਨਸ਼ਿਆਂ ਤੋਂ ਦੂਰ ਰਹਿਣਗੇ, ਜਿਸ ਨਾਲ ਪੰਜਾਬ ਸਰਕਾਰ ਦਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਵੀ ਸਾਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨ ਹਰ ਖੇਤਰ ਵਿਚ ਮੱਲ੍ਹਾਂ ਮਾਰ ਰਹੇ ਹਨ, ਉਮੀਦ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੀ ਉਹ ਚੰਗਾ ਨਾਮਣਾ ਖੱਟਣਗੇ। ਡਿਪਟੀ ਕਮਿਸ਼ਨਰ ਸ੍ਰ ਪਰਮਵੀਰ ਸਿੰਘ ਨੇ ਦੱਸਿਆ ਕਿ ਖੇਡਾਂ ਦੀ ਰਵਾਇਤ ਮੁਤਾਬਕ ਇਸ ਵਾਰ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਜਲਾਈ ਜਾਣ ਵਾਲੀ ਮਸ਼ਾਲ ਨੂੰ ਇਕ ਹਫਤਾ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹਾ ਹੈਡਕੁਆਟਰ ਵਿੱਚ ਲਿਜਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਲੁਧਿਆਣਾ ਤੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸੀਜ਼ਨ ਦੀ ਲੁਧਿਆਣਾ ਵਿਖੇ ਸਮਾਪਤੀ ਹੋਈ ਸੀ ਜਿਸ ਕਾਰਨ ਮਸ਼ਾਲ ਮਾਰਚ ਦੇ ਦੂਜੇ ਸੀਜ਼ਨ ਤੋਂ ਪਹਿਲਾਂ ਮਸ਼ਾਲ ਲੁਧਿਆਣਾ ਤੋਂ ਹੀ ਸ਼ੁਰੂ ਕੀਤੀ ਗਈ ਅਤੇ ਇਹ ਮਸ਼ਾਲ ਪੂਰੇ ਪੰਜਾਬ ਵਿੱਚ ਮਾਰਚ ਕਰਨ ਤੋਂ ਬਾਅਦ ਬਠਿੰਡਾ ਵਿਖੇ 29 ਅਗਸਤ ਨੂੰ ਪਹੁੰਚੇਗੀ ਜਿੱਥੇ ਖੇਡਾਂ ਦੇ ਦੂਜੇ ਸੀਜ਼ਨ ਦਾ ਉਦਘਾਟਨ ਹੋਵੇਗਾ। ਹਰ ਜ਼ਿਲ੍ਹਾ ਹੈਡਕੁਆਟਰ ਉਤੇ ਮਸ਼ਾਲ ਮਾਰਚ ਵਿੱਚ ਸਥਾਨਕ ਉੱਘੇ ਖਿਡਾਰੀ, ਖੇਡ ਵਿਭਾਗ ਦੇ ਕਰਮਚਾਰੀ, ਸਥਾਨਕ ਨੁਮਾਇੰਦੇ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ। ਮਸ਼ਾਲ ਮਾਰਚ ਦੇ ਵੇਰਵੇ ਜਾਰੀ ਕਰਦਿਆਂ ਉਹਨਾਂ ਦੱਸਿਆ ਕਿ 28 ਅਗਸਤ ਨੂੰ ਬਰਨਾਲਾ, ਫਰੀਦਕੋਟ ਤੇ ਫਾਜ਼ਿਲਕਾ ਅਤੇ 29 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਵਿਖੇ ਮਸ਼ਾਲ ਮਾਰਚ ਗੁਜ਼ਰੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਾਨਸਾ ਦੇ ਖਿਡਾਰੀਆਂ ਨੂੰ ਇੰਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹਨਾਂ ਖੇਡਾਂ ਦੇ ਸੁਚਾਰੂ ਪ੍ਰਬੰਧਾਂ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਜਤਾਈ ਕਿ ਜ਼ਿਲ੍ਹਾ ਮਾਨਸਾ ਦੇ ਖਿਡਾਰੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹਨਾਂ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਦੀ ਆਮਦ ’ਤੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ 97 ਕਿੱਲੋ ਭਾਰ ਵਰਗ ’ਚ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੇ ਮਾਨਸਾ ਦੇ ਕੁਸ਼ਤੀ ਖਿਡਾਰੀ ਸਾਹਿਲ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਐਸ.ਐਸ.ਪੀ. ਡਾ. ਨਾਨਕ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਨਵਜੋਤ ਸਿੰਘ ਧਾਲੀਵਾਲ, ਵਾਇਸ ਆਫ ਮਾਨਸਾ ਤੋਂ ਵਿਸ਼ਵਦੀਪ ਬਰਾੜ, ਅਮਨ ਮਿੱਤਲ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਖਿਡਾਰੀ ਹਾਜ਼ਰ ਸਨ।