ਪਿੱਛਲੇ ਸਾਲ ਜਿਆਦਾ ਪਰਾਲੀ ਸਾੜਨ ਵਾਲੇ 13 ਪਿੰਡਾਂ ਤੇ ਰਹੇਗੀ ਇਸ ਵਾਰ ਤਿੱਖੀ ਨਜ਼ਰ

  • ਇੰਨ੍ਹਾਂ ਪਿੰਡਾਂ ਲਈ ਇਸ ਵਾਰ ਕੁਦਰਤ ਦੋਖੀ ਹੋਣ ਦਾ ਦਾਗ ਧੋਣ ਦਾ ਮੌਕਾ

ਫਾਜਿ਼ਲਕਾ, 21 ਸਤੰਬਰ : ਫਾਜਿ਼ਲਕਾ ਜਿ਼ਲ੍ਹੇ ਦੇ 13 ਪਿੰਡ ਜਿੰਨ੍ਹਾਂ ਵਿਚ ਪਿੱਛਲੇ ਸਾਲ ਪਰਾਲੀ ਨੂੰ ਅੱਗ ਲਗਾਉਣ ਦੀਆਂ ਸਭ ਤੋਂ ਵੱਧ ਘਟਨਾਵਾਂ ਵਾਪਰੀਆਂ ਸਨ, ਉਨ੍ਹਾਂ ਪਿੰਡਾਂ ਤੇ ਪ੍ਰਸ਼ਾਸਨ ਦੀ ਇਸ ਵਾਰ ਤਿੱਖੀ ਨਜ਼ਰ ਰਹੇਗੀ। ਦੂਜ਼ੇ ਪਾਸੇ ਇੰਨ੍ਹਾਂ ਪਿੰਡਾਂ ਲਈ ਇਸ ਵਾਰ ਕੁਦਰਤ ਦੋਖੀ ਹੋਣ ਦੇ ਲੱਗੇ ਦਾਗ ਨੂੰ ਧੋਣ ਦਾ ਮੌਕਾ ਹੈ। ਜਿਕਰਯੋਗ ਹੈ ਕਿ ਪਿੱਛਲੇ ਸਾਲ ਜਿ਼ਲ੍ਹੇ ਦੇ 13 ਪਿੰਡ ਅਜਿਹੇ ਸਨ ਜਿੱਥੇ ਸਭ ਤੋਂ ਜਿਆਦਾ ਅੱਗ ਲੱਗੀ ਸੀ ਅਤੇ ਸਿਰਫ ਇੰਨ੍ਹਾਂ 13 ਪਿੰਡਾਂ ਵਿਚ ਹੀ 406 ਥਾਂਵਾਂ ਤੇ ਅੱਗ ਲੱਗੀ ਸੀ। ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਸੂਚੀ ਅਨੁਸਾਰ ਪਿੰਡ ਲਾਲੋਵਾਲੀ ਵਿਚ ਪਿੱਛਲੇ ਸਾਲ ਸਭ ਤੋਂ ਵੱਧ 43 ਥਾਂਵਾਂ ਤੇ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾ ਵਾਪਰੀ ਸੀ। ਇਸੇ ਤਰਾਂ ਚੱਕ ਸੈਦੋਕੇ ਵਿਖੇ 41, ਘਾਂਘਾ ਕਲਾਂ ਵਿਖੇ 34, ਜਲਾਲਾਬਾਦ 34, ਚੱਕ ਖੀਵਾ 33 ਜੰਡਵਾਲਾ ਮੀਰਾ ਸਾਂਗਲਾ ਵਿਖੇ 31, ਬਾਹਮਣੀ ਵਾਲਾ ਵਿਚ 30, ਮੌਜਮ ਵਿਚ 28, ਹਸਤਾਂਕਲਾ 27, ਚੱਕ ਬਜੀਦਾ ਵਿਚ 27, ਦੋਨਾ ਸਿੰਕਦਰੀ ਵਿਚ 26, ਸੁਆਹ ਵਾਲਾ ਵਿਚ 26 ਅਤੇ ਲੱਖੇਵਾਲੀ ਵਿਚ 26 ਥਾਂਵਾਂ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ ਸਨ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਇੰਨ੍ਹਾਂ ਪਿੰਡਾਂ ਵਿਚ ਕਿਸਾਨ ਸਿਖਲਾਈ ਕੈਂਪ ਲਗਾਏ ਜਾਣ। ਨਾਲ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਾਭ ਅਤੇ ਪਰਾਲੀ ਸਾੜਨ ਦੇ ਨੁਕਸਾਨ ਸਮਝਾਏ ਜਾਣ। ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਦੀਆਂ ਸੁਧਰੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜ਼ੋ ਇਹ ਕਿਸਾਨ ਵੀਰ ਪਰਾਲੀ ਦੀ ਸਹੀ ਤਰੀਕੇ ਨਾਲ ਸੰਭਾਲ ਕਰ ਸਕਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀਰ ਅੱਗ ਨਹੀਂ ਲਗਾਉਣਾ ਚਾਹੁੰਦੇ ਪਰ ਕਈ ਵਾਰ ਉਨ੍ਹਾਂ ਨੂੰ ਤਕਨੀਕਾਂ ਦੀ ਜਾਣਕਾਰੀ ਦੀ ਘਾਟ ਹੁੰਦੀ ਹੈ ਇਸ ਲਈ ਖੇਤੀਬਾੜੀ ਵਿਭਾਗ ਹੁਣ ਤੋਂ ਹੀ ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਜਾਗਰੂਕ ਕਰੇ ਅਤੇ ਨਵੀਂਆਂ ਤਕਨੀਕਾਂ ਦੀ ਸਿਖਲਾਈ ਦੇਵੇ। ਡਿਪਟੀ ਕਮਿਸ਼ਨਰ ਨੇ ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਅਜਿਹਾ ਨਾ ਕਰਨ ਸਗੋਂ ਗੁਰੂ ਸਾਹਿਬ ਵੱਲੋਂ ਦਿੱਤੇ ਕੁਦਰਤ ਦੀ ਰਾਖੀ ਦੇ ਸਿਧਾਂਤ ਨੂੰ ਮੰਨਦਿਆਂ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਨ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦਾ ਹਰ ਪ੍ਰਕਾਰ ਨਾਂਲ ਮਾਰਗਦਰਸ਼ਨ ਕਰੇਗਾ।