ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੀ ਕਾਇਆ-ਕਲਪ ਬਦਲਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ : ਰਣਇੰਦਰ ਸਿੰਘ 

ਪਟਿਆਲਾ, 5 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸਦੇ ਤਹਿਤ ਦੇਸ਼ ਭਰ ਦੇ ਕੁੱਲ 500 ਰੇਲਵੇ ਸ਼ਟੇਸ਼ਨਾਂ ਦੀ ਨੁਹਾਰ ਬਦਲਣ ਦੀ ਤਜਵੀਜ਼ ਹੈ। ਦੱਸਣਯੋਗ ਹੈ ਕਿ ਇਸ ਯੋਜਨਾ ਦੇ ਤਹਿਤ ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਦੇ ਵੀ ਕੁੱਲ 22 ਰੇਲਵੇ ਸਟੇਸ਼ਨਾਂ ਦੀ ਕਾਇਆ-ਕਲਪ ਬਦਲਣ ਲਈ ਚੋਣ ਹੋਈ ਹੈ, ਜਿਸ ‘ਤੇ ਖੁਸ਼ੀ ਪ੍ਰਗਟ ਕਰਦਿਆਂ ਸੀਨੀਅਰ ਭਾਜਪਾ ਆਗੂ ਯੁਵਰਾਜ ਰਣਇੰਦਰ ਸਿੰਘ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ ਕੇਂਦਰ ਦੀ ਸਮੁੱਚੀ ਭਾਜਪਾ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਯੁਵਰਾਜ ਰਣਇੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਕੁੱਲ 4762 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਸੂਬੇ ਦੇ ਕੁੱਲ 22 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ, ਓਹਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ । ਓਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਰੇਲਵੇ ਵਿਭਾਗ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਅਤੇ ਮਜਬੂਤ ਕਰਨ ਦੇ ਨਾਲ-ਨਾਲ ਰੇਲਵੇ ਸਟੇਸ਼ਨਾਂ ਦੇ ਸੁੰਦਰੀਕਰਨ ਅਤੇ ਨਵੀਨੀਕਰਨ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸਦਾ ਮਕਸਦ ਆਮ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸਹੂਲਤ ਪ੍ਰਦਾਨ ਕਰਨਾ ਹੈ। ਇਸ ਮੌਕੇ ਸੂਬੇ ਦੇ ਰੇਲਵੇ ਸਟੇਸ਼ਨਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਓਹਨਾਂ ਦੱਸਿਆ ਕਿ ਅੱਜ PM ਮੋਦੀ ਜੀ ਵੱਲੋਂ ਚੰਡੀਗੜ੍ਹ, ਪਟਿਆਲਾ, ਕੋਟਕਪੂਰਾ, ਸਰਹਿੰਦ,ਫ਼ਿਰੋਜ਼ਪੁਰ ਕੈਂਟ, ਅਬੋਹਰ, ਫਾਜ਼ਿਲਕਾ, ਪਠਾਨਕੋਟ ਸਿਟੀ, ਗੁਰਦਾਸਪੁਰ,ਜਲੰਧਰ ਕੈਂਟ, ਫ਼ਿਲੌਰ, ਕਪੂਰਥਲਾ, ਲੁਧਿਆਣਾ, ਢੰਡਾਰੀ ਕਲਾਂ, ਮਾਨਸਾ, ਅਨੰਦਪੁਰ ਸਾਹਿਬ, ਰੂਪਨਗਰ, ਨੰਗਲ ਡੈਮ, ਧੂਰੀ, ਸੰਗਰੂਰ, ਮਲੇਰਕੋਟਲਾ ਤੇ ਮੁਕਤਸਰ ਦੇ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਨਾਲ ਸੂਬੇ ਭਰ ਦੇ ਲੋਕਾਂ ਨੂੰ ਵੱਡੇ ਪੱਧਰ ‘ਤੇ ਲਾਭ ਹੋਣ ਵਾਲਾ ਹੈ ।  ਇਸ ਮੌਕੇ ਇੱਕ ਵਾਰ ਫ਼ੇਰ ਓਹਨਾਂ ਪੰਜਾਬ ‘ਚ ਹੋਣ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਦਾ ਧੰਨਵਾਦ ਕੀਤਾ।