ਸਵੱਛ ਭਾਰਤ ਮਿਸ਼ਨ (ਗ੍ਰਾਮੀਣ): ਜ਼ਿਲ੍ਹਾ ਬਰਨਾਲਾ ਸੂਬੇ ਭਰ 'ਚੋਂ ਮੋਹਰੀ : ਡਿਪਟੀ ਕਮਿਸ਼ਨਰ 

  • ਬਰਨਾਲਾ ਨੇ ਆਪਣੇ 122 ਪਿੰਡਾਂ ਨੂੰ ਓ.ਡੀ.ਐਫ ਪਲੱਸ ਦਾ ਟੀਚਾ 100 ਫੀਸਦੀ ਕੀਤਾ ਪੂਰਾ

ਬਰਨਾਲਾ, 19 ਅਕਤੂਬਰ : ਜ਼ਿਲ੍ਹਾ ਬਰਨਾਲਾ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 100 ਫੀਸਦੀ ਟੀਚਾ ਪੂਰਾ ਕਰਕੇ ਸੂਬਾ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 100 ਫੀਸਦੀ ਟੀਚਾ ਪੂਰਾ ਕੀਤਾ ਹੈ ਤੇ ਇਹ ਟੀਚਾ ਪੂਰਾ ਕਰਨ ਵਾਲਾ ਬਰਨਾਲਾ ਸੂਬੇ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਇਸ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਨੂੰ ਆਪਣੇ 122 ਪਿੰਡਾਂ ਦਾ ਟੀਚਾ ਮਿਲਿਆ ਸੀ ਤੇ ਜ਼ਿਲ੍ਹੇ ਨੇ ਇਨ੍ਹਾਂ 122 ਪਿੰਡਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ (ਓ.ਡੀ.ਐਫ ਪਲੱਸ) ਦਾ ਟੀਚਾ ਸਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੂਨ 2023 'ਚ ਬਰਨਾਲਾ ਨੇ ਗ੍ਰੀਨ ਜ਼ੋਨ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ। ਇਸ ਮਗਰੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦਾ ਟੀਚਾ 25 ਫੀਸਦੀ, 50 ਫੀਸਦੀ, 75 ਫੀਸਦੀ ਤੇ ਹੁਣ 100 ਫੀਸਦੀ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਰਾਹੀਂ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਸਵੱਛ ਅਤੇ ਸਿਹਤਮੰਦ ਵਾਤਾਵਰਣ ਲਈ ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ 'ਚ ਮਦਦ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਬਰਨਾਲਾ ਨੂੰ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪਿੰਡ ਪੱਧਰ 'ਤੇ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਸੀ ਤੇ ਜ਼ਿਲ੍ਹੇ ਵਿੱਚ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ 'ਤੇ ਵਿਆਪਕ ਕੰਮ ਕੀਤਾ ਗਿਆ। ਇਸ ਤਹਿਤ ਪਿੰਡਾਂ ਵਿੱਚ ਤਰਲ ਕੂੜਾ ਪ੍ਰਬੰਧਨ ਵਾਸਤੇ ਉਪਰਾਲੇ ਕੀਤੇ ਗਏ ਜਿਸ ਤਹਿਤ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਨੂੰ ਸੋਧਣ ਲਈ ਥਾਪਰ ਮਾਡਲ/ਛੱਪੜਾਂ 'ਚ ਸਕ੍ਰੀਨਿੰਗ ਚੈਂਬਰ/ਡੀ ਸਿਲਟਿੰਗ/ਸੋਕ ਪਿਟਸ ਆਦਿ ਬਣਾਏ ਗਏ ਹਨ। ਇਸ ਮੌਕੇ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਬਰਨਾਲਾ ਸ੍ਰੀ ਚਮਕ ਸਿੰਗਲਾ ਨੇ ਕਿਹਾ ਕਿ ਪਿੰਡਾਂ ਵਿੱਚ ਸਵੱਛਤਾ ਉਪਰਾਲੇ ਵੱਡੇ ਪੱਧਰ 'ਤੇ ਜਾਰੀ ਹਨ ਜੋ ਕਿ ਆਉਂਦੇ ਸਮੇਂ ਵੀ ਜਾਰੀ ਰਹਿਣਗੇ।