ਨਵ ਜਨਮੇ ਬੱਚੇ ਅਤੇ ਗਰਭਵਤੀ ਮਹਿਲਾਵਾਂ ਦੀ ਪੀੜ੍ਹ ਘਟਾਏਗੀ ਸੁਜਾਤਾ ਐਪ

  • ਸਪੀਕਰ ਸੰਧਵਾਂ ਨੇ ਸੂਬੇ ਦੀ ਪਹਿਲੀ ਐਪ ਦਾ ਕੀਤਾ ਉਦਘਾਟਨ

ਫਰੀਦਕੋਟ 23 ਅਕਤੂਬਰ : ਫਰੀਦਕੋਟ ਜਿਲ੍ਹੇ ਵਿੱਚ ਸੂਬੇ ਦੀ ਪਹਿਲੀ ਨਿਵੇਕਲੀ ਮੋਬਾਇਲ ਐਪ ਸੁਜਾਤਾ ਨਵ ਜਨਮੇ ਬੱਚੇ ਅਤੇ ਗਰਭਵਤੀ ਮਹਿਲਾਵਾਂ ਦੀ ਪੀੜ੍ਹ ਘਟਾਏਗੀ ਅਤੇ ਜਿੱਥੇ ਇਸ ਨਾਲ ਸਰਕਾਰੀ ਹਸਪਤਾਲਾਂ ਵਿੱਚ ਗਰਭਵਤੀ ਮਾਂਵਾਂ ਦੀ ਨਾਮਜ਼ਦਗੀ ਵਿੱਚ ਇਜਾਫਾ ਹੋਵੇਗਾ, ਉੱਥੇ ਨਾਲ ਹੀ ਜਨਮ ਦੌਰਾਨ ਜੱਚਾ-ਬੱਚਾ ਦੀ ਮੌਤ ਦਰ ਵਿੱਚ ਵੀ ਗਿਰਾਵਟ ਆਵੇਗੀ। ਅੱਜ ਫਰੀਦਕੋਟ ਵਿਖੇ ਸਿਹਤ ਵਿਭਾਗ ਦੇ ਇਸ ਖਾਸ ਉਪਰਾਲੇ ਦਾ ਉਦਘਾਟਨ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਡੀ.ਸੀ. ਵਿਨੀਤ ਕੁਮਾਰ, ਸਿਵਲ ਸਰਜਨ ਡਾ. ਅਨਿਲ ਗੋਇਲ ਅਤੇ ਜਿਲ੍ਹਾ ਇਨਫਰਮੇਸ਼ਨ ਅਫਸਰ (ਡੀ.ਆਈ.ਓ) ਗੁਰਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਅਤੇ ਆਸ ਪ੍ਰਗਟ ਕੀਤੀ ਕਿ ਇਹ ਐਪ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਲਈ ਅਤਿਅੰਤ ਸੁਖਦਾਇਕ ਸਾਬਤ ਹੋਵੇਗੀ। ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਜੈਤੋ ਸ. ਅਮੋਲਕ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਪੀਕਰ ਸੰਧਵਾਂ, ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਜੈਤੋ ਸ. ਅਮੋਲਕ ਸਿੰਘ ਅਤੇ ਡੀ.ਸੀ. ਫਰੀਦਕੋਟ ਦੀ ਹਾਜ਼ਰੀ ਵਿੱਚ  ਡਾ. ਅਨਿਲ ਗੋਇਲ ਅਤੇ ਡੀ.ਆਈ.ਓ ਗੁਰਿੰਦਰ ਸਿੰਘ ਨੇ ਸਲਾਈਡ ਸ਼ੋਅ ਰਾਹੀਂ ਇਸ ਐਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਇਸ ਦੌਰਾਨ ਡਾ. ਅਨਿਲ ਗੋਇਲ ਨੇ ਦੱਸਿਆ ਕਿ ਜਿਵੇਂ ਕਿ ਇਹ ਐਪ ਜਿਸ ਦਾ ਨਾਮ ਸੁਜਾਤਾ (ਤੰਦਰੁਸਤ ਮਾਤਾ-ਤੰਦਰੁਸਤ ਬੱਚਾ) ਰੱਖਿਆ ਗਿਆ ਹੈ ਰਾਹੀਂ ਏ.ਐਨ.ਐਮ. (ਔਗਜ਼ਿਲਰੀ ਨਰਸ ਅਤੇ ਮਿਡਵਾਈਫ), ਜੀ.ਐਨ.ਐਮ (ਜਨਰਲ ਡਿਊਟੀ ਮੈਡੀਕਲ ਅਫਸਰ),ਐਸ.ਐਮ.ਓ (ਸੀਨੀਅਰ ਮੈਡੀਕਲ ਅਫਸਰ) ਅਤੇ ਸੀ.ਐਮ.ਓ (ਸੀਨੀਅਰ ਮੈਡੀਕਲ ਅਫਸਰ) ਗਰਭਵਤੀ ਮਾਵਾਂ ਦੀ ਰਜਿਸਟਰੇਸ਼ਨ ਦੀ ਨਿਗਰਾਨੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਐਪ ਵਿੱਚ ਦਰਜ ਮਹਿਲਾਵਾਂ ਦੇ ਨਾਮ ਦੇ ਨਾਲ ਸਿਹਤ ਵਿਭਾਗ ਵੱਲੋਂ ਪ੍ਰਦਾਨ ਕੀਤਾ ਗਿਆ ਮੁੱਢਲਾ ਇਲਾਜ ਅਤੇ ਨਵਜੰਮੇ ਬੱਚੇ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਰਜ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਐਪ ਵਿੱਚ ਜਿੱਥੇ ਏ.ਐਨ.ਐਮ. ਲੈਵਲ ਤੇ ਮੋਨੀਟਰਿੰਗ ਹੋਵੇਗੀ, ਉੱਥੇ ਨਾਲ ਹੀ ਸੀ.ਐਮ.ਓ ਵੱਲੋਂ ਵੀ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚੇ ਬਾਰੇ ਪੂਰੀ ਜਾਣਕਾਰੀ ਵੀ ਰਿਕਾਰਡ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਰੀਜ ਦਾ ਸਾਰਾ ਡਾਟਾ ਏ.ਐਨ.ਐਮ ਵੱਲੋਂ ਭਰਿਆ ਜਾਵੇਗਾ ਅਤੇ ਇਸ ਐਪ ਰਾਹੀਂ ਇਹ ਵੀ ਪਤਾ ਲੱਗ ਸਕੇਗਾ ਕਿ ਇਲਾਜ ਕਰਵਾਉਣ ਆਇਆ ਮਰੀਜ਼ ਆਯੂਸ਼ਮਾਨ ਸਕੀਮ ਦਾ ਹੱਕਦਾਰ ਹੈ ਜਾਂ ਨਹੀਂ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਐਪ ਆਈ. ਫੋਨ ਮੋਬਾਇਲ ਫੋਨ ਤੇ ਖੁੱਲ੍ਹਣਯੋਗ ਹੋਵੇਗੀ ਅਤੇ ਜੱਚਾ ਬੱਚਾ ਨੂੰ ਸਮੇਂ ਸਾਰਣੀ ਅਨੁਸਾਰ ਦਵਾਈ ਮੁਹੱਈਆ ਕਰਵਾਉਣ ਅਤੇ ਚੈੱਕਅੱਪ ਲਈ ਅਤਿਅੰਤ ਸਹਾਈ ਸਿੱਧ ਹੋਵੇਗੀ। ਡਾ. ਅਨਿਲ ਗੋਇਲ ਨੇ ਇਸ ਐਪ ਦੇ ਰੋਚਕ ਤੱਥਾਂ ਸਬੰਧੀ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਡੀ.ਆਈ.ਓ. ਗੁਰਿੰਦਰ ਸਿੰਘ ਜਿੰਨਾ ਨੇ 03 ਮਹੀਨੇ ਲਗਾਤਾਰ ਕੜੀ ਮਿਹਨਤ ਕਰਕੇ ਇਸ ਐਪ ਨੂੰ ਤਿਆਰ ਕੀਤਾ ਹੈ, ਨੇ ਆਪਣੀ ਮਾਤਾ ਜੀ ਦੇ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਦੌਰਾਨ ਵੀ ਇਸ ਕੰਮ ਨੂੰ ਵਿਰਾਮ ਨਹੀਂ ਦਿੱਤਾ, ਜਿਸ ਕਾਰਨ ਇਹ ਸਮੇਂ ਸਿਰ ਸੰਪੂਰਨ ਕੀਤੀ ਜਾ ਸਕੀ। ਸਲਾਈਡ ਸ਼ੋਅ ਰਾਹੀਂ ਸਾਰੀ ਜਾਣਕਾਰੀ ਇੱਕਤਰ ਕਰਨ ਉਪੰਰਤ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਇਸ ਐਪ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਜਾਰੀ ਕੀਤਾ ਜਾ ਸਕੇ। ਡੀ.ਆਈ.ਓ ਗੁਰਿੰਦਰ ਸਿੰਘ ਨੇ ਇਸ ਦੇ ਜਵਾਬ ਵਜੋਂ ਕਿਹਾ ਕਿ ਹੁਕਮਾਂ ਦੀ ਪਾਲਣਾ ਤਹਿਤ ਹਰ ਸੰਭਵ ਯਤਨ ਕੀਤਾ ਜਾਵੇਗਾ।