ਨਰਮੇ ਦੇ ਸਫਲ ਉਤਪਾਦਕ ਕਿਸਾਨ ਦੀ ਸਫਲਤਾ ਦੀ ਕਹਾਣੀ

  • ਪਿੰਡ ਸਾਬੂਆਣਾ ਦਾ ਅਸ਼ਵਨੀ ਕੁਮਾਰ 5 ਏਕੜ ਵਿਚੋਂ ਹੁਣ ਤੱਕ 30 ਕੁਇੰਟਲ ਨਰਮਾ ਚੁੱਗ ਚੁੱਕਾ ਹੈ
  • ਸਮੇਂ ਸਿਰ ਨਹਿਰੀ ਪਾਣੀ ਮਿਲਣ ਲਈ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ

ਫਾਜ਼ਿਲਕਾ 10 ਅਕਤੂਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਕਿਸਾਨ ਮੇਲਿਆਂ ਵਿੱਚ ਖੇਤੀ ਗਿਆਨ ਪ੍ਰਾਪਤ ਕਰਕੇ ਫਾਜ਼ਿਲਕਾ ਦੀ ਬਲਾਕ ਖੁਈਆ ਸਰਵਰ ਦੇ ਪਿੰਡ ਸਾਬੂਆਣਾ ਦਾ ਸਫਲ ਕਿਸਾਨ ਅਸ਼ਵਨੀ ਕੁਮਾਰ ਨੇ ਆਪਣੀ 5 ਏਕੜ ਜਮੀਨ ਵਿੱਚ ਨਰਮੇ ਦੀਆਂ ਦੋ ਕਿਸਮਾਂ ਦੀ ਬਿਜਾਈ ਕੀਤੀ। ਕਿਸਾਨ ਨੇ ਦੋ ਏਕੜ ਵਿੱਚ ਅਜੀਤ 177 ਅਤੇ ਤਿੰਨ ਏਕੜ ਵਿੱਚ ਯੂਐੱਸ 71 ਦੀ ਕਾਸ਼ਤ ਕੀਤੀ ਤੇ ਹੁਣ ਤੱਕ 30 ਕੁਇੰਟਲ ਨਰਮੇ ਦੀ ਚੁਗਾਈ ਕਰ ਲਈ ਹੈ ਤੇ ਉਸਨੂੰ ਲਗਭਗ ਪ੍ਰਤੀ ਏਕੜ 10 ਤੋਂ 11 ਕੁਇੰਟਲ ਝਾੜ ਪ੍ਰਾਪਤ ਹੋਣ ਦੀ ਆਸ ਹੈ। ਕਿਸਾਨ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਦੀ ਸਫਲਤਾ ਦਾ ਰਾਜ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਪ੍ਰਾਪਤ ਗਿਆਨ ਹੈ। ਉਹ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਤਾਲਮੇਲ ਵਿੱਚ ਰਹਿੰਦਾ ਹੈ ਅਤੇ ਸਮੇਂ ਸਮੇਂ ਤੇ ਗਿਆਨ ਪ੍ਰਾਪਤ ਕਰਦਾ ਰਹਿੰਦਾ ਹੈ।  ਕਿਸਾਨ ਨੇ ਦੱਸਿਆ ਕਿ ਉਸ ਕੋਲ 8 ਏਕੜ ਜਮੀਨ ਹੈ ਤੇ ਉਸ ਨੇ ਇਸ ਸਾਲ 5 ਏਕੜ ਜਮੀਨ ਵਿੱਚ ਨਰਮੇ ਦੀ ਬਿਜਾਈ ਕੀਤੀ ਹੈ। ਕਿਸਾਨ ਆਖਦਾ ਹੈ ਕਿ ਉਹ ਵਿਭਾਗ ਦੇ ਦੱਸੇ ਅਨੁਸਾਰ ਲਗਾਤਾਰ ਆਪਣੀ ਫਸਲ ਦਾ ਨਿਰੀਖਣ ਕਰਦਾ ਰਿਹਾ ਤਾਂ ਜੋ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਨਾ ਹੋ ਸਕੇ। ਉਹ ਕਹਿੰਦਾ ਹੈ ਕਿ ਸਮੇਂ-ਸਮੇਂ ਤੇ ਸਪਰੇਆਂ ਕੀਤੀਆਂ ਜਿਸ ਕਰਕੇ ਗੁਲਾਬੀ ਸੁੰਡੀ ਦਾ ਹਮਲਾ ਕੰਟਰੋਲ ਹੋਇਆ ਤੇ ਉਸਦੀ ਫਸਲ ਵੀ ਕਾਫੀ ਵਧੀਆ ਹੈ। ਕਿਸਾਨ ਅਨੁਸਾਰ ਕੀੜਿਆਂ ਦੀ ਰੋਕਥਾਮ ਹੁਣ ਇੱਕ ਵਿਗਿਆਨ ਹੈ ਤੇ ਸਹੀ ਕੀਟਨਾਸ਼ਕ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਅਤੇ ਮਹੱਤਵਪੂਰਨ ਕੰਮ ਹੈ। ਉਹ ਵਿਗਿਆਨਿਕ ਢੰਗਾਂ ਨਾਲ ਖੇਤੀ ਕਰਕੇ ਵੱਧ ਮੁਨਾਫਾ ਕਮਾ ਰਿਹਾ ਹੈ। ਕਿਸਾਨ ਆਖਦਾ ਹੈ ਕਿ ਜੇਕਰ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੀ ਸਲਾਹ ਅਨੁਸਾਰ ਖੇਤੀ ਕੀਤੀ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਕਿਸਾਨ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾਂ ਵਿੱਚ ਜਾ ਕੇ ਜ਼ਿਲ੍ਹੇ ਦੇ ਕਿਸਾਨ ਜਾਣਕਾਰੀ ਹਾਸਲ ਕਰਨ। ਉਸ ਨੇ ਜ਼ਿਲ੍ਹੇ ਦੇ ਨਰਮਾਂ ਉਤਪਾਦਕ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਮਨਜੂਰਸ਼ੁਦਾ ਬੀਜਾਂ, ਕੀਟਨਾਸ਼ਕਾਂ ਅਤੇ ਖਾਦ ਤੇ ਸਪਰੇਆਂ ਦੀ ਵਰਤੋਂ ਕਰਨ ਅਤੇ ਲਗਾਤਾਰ ਆਪਣੇ ਖੇਤਾਂ ਤੇ ਨਜਰਸਾਨੀ ਬਣਾਈ ਰੱਖਣ ਤਾਂ ਜੋ ਫਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਅਤੇ ਚੰਗਾ ਝਾੜ ਪਾਪਤ ਕੀਤਾ ਜਾ ਸਕੇ। ਮੁੱਖ ਖੇਤੀਬਾੜੀ ਅਫਸਰ ਸ. ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਜ਼ਿਲ੍ਹੇ ਦੇ ਨਰਮਾ ਉਤਪਾਦਕਾਂ ਦੀ ਫਸਲ ਦੇ ਬਚਾਅ ਤੇ ਸਮੇਂ—ਸਮੇਂ ਤੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਨਰਮਾ ਉਤਪਾਦਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਕਿਸਾਨਾਂ ਨੂੰ ਲੋੜ ਅਨੁਸਾਰ ਖਾਦਾ ਤੇ ਸਪਰੇਆਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਫਸਲ ਸਬੰਧੀ ਜਾਣਕਾਰੀ ਲਈ ਜ਼ਿਲ੍ਹਾ ਖੇਤੀਬਾੜੀ ਵਿਭਾਗ ਜਾਂ ਬਲਾਕ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।a