ਵਿਦਿਆਰਥੀ ਵਾਤਾਵਰਨ ਮਿੱਤਰ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਪਰਾਲੀ ਨਾ ਸਾੜਨ ਲਈ ਕਰਣਗੇ ਪ੍ਰੇਰਿਤ

  • ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਨਾ ਸਾੜਨ ਪ੍ਰਤੀ ਵੱਡੀ ਜਾਗਰੂਕਤਾ ਮੁਹਿੰਮ ਆਰੰਭ ਕਰਨ ਦੇ ਹੁਕਮ

ਫਾਜਿ਼ਲਕਾ, 30 ਅਗਸਤ : ਫਾਜਿ਼ਲਕਾ ਜਿ਼ਲ੍ਹੇ ਦੇ ਝੋਨੇ ਦੀ ਕਾਸਤ ਕਰਨ ਵਾਲੇ ਪਿੰਡਾਂ ਵਿਚ ਵਿਦਿਆਰਥੀ ਵਾਤਾਵਰਨ ਮਿੱਤਰ ਬਣਾਏ ਜਾਣਗੇ ਜ਼ੋ ਕਿ ਆਪਣੇ ਮਾਪਿਆਂ ਅਤੇ ਪਿੰਡ ਦੇ ਹੋਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਣਗੇ। ਇਹ ਜਾਣਕਾਰੀ ਫਾਜਿਲ਼ਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਝੋਨੇ ਦੀ ਪਰਾਲੀ ਸਾੜਨ ਖਿਲਾਫ ਇਕ ਵੱਡੀ ਜਾਗਰੂਕਤਾ ਮੁਹਿੰਮ ਦੀ ਜਿ਼ਲ੍ਹੇ ਵਿਚ ਸ਼ੁਰੂਆਤ ਕਰਨ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ ਉਥੇ ਹੀ ਇਹ ਇਕ ਵੱਡੇ ਵਾਤਾਵਰਨ ਸੰਕਟ ਦਾ ਕਾਰਨ ਬਣਦੀ ਹੈ ਜ਼ੋ ਕਿ ਇਸ ਧਰਤੀ ਦੇ ਹਰ ਜੀਆਂ ਜੰਤ ਲਈ ਘਾਤਕ ਹੈ। ਇਸ ਲਈ ਕਿਸਾਨ ਵੀਰਾਂ ਨੂੰ ਜਾਗਰੁਕ ਕਰਨ ਲਈ ਇਹ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਸਾਰੇ ਪਿੰਡਾਂ ਵਿਚ ਚਾਰ ਚਾਰ ਵਿਦਿਆਰਥੀ ਮਿੱਤਰ ਤਾਇਨਾਤ ਕੀਤੇ ਜਾਣਗੇ।ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦਾ ਆਪਣੇ ਮਾਪਿਆਂ ਨੂੰ ਪ੍ਰੇਰਿਤ ਕਰਨ ਦੇ ਚੰਗੇ ਨਤੀਜੇ ਦੇਖਣ ਨੂੰ ਮਿਲਦੇ ਹਨ ਅਤੇ ਜਦ ਬੱਚੇ ਸਮਝਾਉਣਗੇ ਕਿ ਉਨ੍ਹਾਂ ਦੇ ਚੰਗੇ ਭਵਿੱਖ ਲਈ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤਾਂ ਮਾਪਿਆਂ ਤੇ ਵੀ ਇਸਦਾ ਅਸਰ ਹੋਵੇਗਾ। ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਰਨ ਐਂਡ ਗ੍ਰੋਅ ਪ੍ਰੋਗਰਾਮ ਤਹਿਤ ਸਾਰੇ ਸਕੂਲਾਂ ਵਿਚ ਪਰਾਲੀ ਸਾੜਨ ਦੇ ਨੁਕਸਾਨ ਅਤੇ ਪਰਾਲੀ ਸੰਭਾਲ ਦੇ ਉਪਲਬੱਧ ਤਰੀਕਿਆਂ ਪ੍ਰਤੀ ਜਾਗਰੂਕਤਾ ਲਈ ਲੈਕਚਰ ਕਰਵਾਏ ਜਾਣ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਬੱਚਿਆਂ ਨੂੰ ਕਿੱਤਾ ਸਲਾਹ ਦੇਣ ਦੇ ਨਾਲ ਨਾਲ ਪਰਾਲੀ ਪ੍ਰਬੰਧਨ ਪ੍ਰਤੀ ਵੀ ਇਸ ਪ੍ਰੋਗਰਾਮ ਦੌਰਾਨ ਜਾਗਰੂਕ ਕਰਣਗੇ। ਇਸੇ ਤਰਾਂ ਡਿਪਟੀ ਕਮਿਸ਼ਨਰ ਡਾ: ਸੇਨੁ ਦੁੱਗਲ ਨੇ ਹਦਾਇਤ ਕੀਤੀ ਕਿ ਖੇਤੀਬਾੜੀ ਵਿਭਾਗ ਦੇ ਮਾਹਿਰ ਸਾਰੇ ਪਿੰਡਾਂ ਵਿਚ ਕਿਸਾਨਾਂ ਨੂੰ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੇ ਨਿਪਟਾਰੇ ਸਬੰਧੀ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਕੈਂਪ ਲਗਾਉਣਗੇ। ਇਸ ਮੌਕੇ ਐਸਡੀਐਮ ਸ੍ਰੀ ਅਕਾਸ਼ ਬਾਂਸਲ, ਖੇਤੀਬਾੜੀ ਅਫ਼ਸਰ ਮਮਤਾ,  ਖੇਤੀਬਾੜੀ ਇੰਜਨੀਅਰ ਕਮਲ ਗੋਇਲ, ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਅੰਜੂ ਸੇਠੀ ਅਤੇ ਹੋਰ ਅਧਿਕਾਰੀ ਹਾਜਰ ਸਨ।