ਪਹਿਲਵਾਨ ਕੁੜੀਆਂ ਨੂੰ ਇਨਸਾਫ਼ ਦਵਾਉਣ ਤੱਕ ਸੰਘਰਸ਼ ਜਾਰੀ ਰਹੇਗਾ : ਮਨਜੀਤ ਧਨੇਰ

ਮਾਨਸਾ, 11 ਜੂਨ : ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿੱਚ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਇੱਕ ਕਨਵੈਨਸ਼ਨ ਕੀਤੀ ਗਈ । ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਔਰਤਾਂ ਨੇ ਹਿੱਸਾ ਲਿਆ । ਇਸ ਕਨਵੈਨਸ਼ਨ ਦੀ ਸ਼ੁਰੂਆਤ ਕਿਸਾਨ ਲਹਿਰ ਦੇ ਸ਼ਹੀਦਾਂ ਅਤੇ ਵਿਛੜੇ ਆਗੂਆਂ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਉਪਰੰਤ ਕੀਤੀ ਗਈ। ਇਸ ਮੌਕੇ ਬੋਲਦਿਆਂ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਸਮੁੱਚੇ ਵਰਗ ਨੂੰ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਫਲਸਫ਼ੇ ਉੱਤੇ ਚੱਲਕੇ ਜੁਲ਼ਮ ਵਿਰੁੱਧ ਆਵਾਜ ਉਠਾਉਣ ਦੀ ਲੋੜ ਹੈ । ਉਨ੍ਹਾਂ ਕੇਂਦਰ ਸਰਕਾਰ ਉੱਤੇ ਤੰਜ਼ ਕਸਦਿਆਂ ਉਸਦੇ ਮਨੂੰ ਸਮਰਿਤੀ ਦੇ ਸਿਧਾਂਤ ਨੂੰ ਮੁੱਢੋਂ ਖਾਰਿਜ ਕੀਤਾ ਅਤੇ ਕਿਹਾ ਕਿ ਫਾਂਸੀਵਾਦ ਤਾਕਤਾਂ ਨੂੰ ਮੋੜਾ ਦੇਣ ਲਈ ਕਿਰਤੀ ਵਰਗ ਦਾ ਇੱਕ ਮੁੱਠ ਹੋ ਕੇ ਲੜਨਾ ਸਮੇਂ ਦੀ ਮੰਗ ਹੈ। ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਸ਼ਾਹਬਾਦ ਵਿਖੇ ਐਮ ਐਸ ਪੀ ਮੰਗ ਨੂੰ ਲੈ ਕੇ ਲੜ ਰਹੇ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ । ਇਸ ਮੌਕੇ ਵਿਸ਼ਾਲ ਇਕੱਠ ਵਿੱਚ ਪਾਸ ਕੀਤੇ ਗਏ ਮਤਿਆਂ ਵਿੱਚ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਐਮ ਐਸ ਪੀ ਦੀ ਮੰਗ ਲਈ ਲੜ੍ਹ ਰਹੇ ਕਿਸਾਨਾਂ ‘ਤੇ ਅੰਨੇਵਾਹ ਲਾਠੀਚਾਰਜ ਕਰਨ ਦੀ ਨਿਖੇਧੀ ਕਰਦੇ ਹੋਏ ਗ੍ਰਿਫ਼ਤਾਰ ਕਿਸਾਨਾਂ ਦੀ ਤੁਰੰਤ ਰਿਹਾਈ ਅਤੇ ਝੂਠੇ ਕੇਸ ਵਾਪਿਸ ਲੈਣ ਦੀ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀ ਪਹਿਲਵਾਨ ਖਿਡਾਰੀ ਲੜਕੀਆਂ ਨੂੰ ਇਨਸਾਫ਼ ਦਵਾਉਣ ਲਈ ਬ੍ਰਿਜ਼ ਭੂਸ਼ਣ ਸ਼ਰਨ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸਾਰੇ ਆਹੁੱਦਿਆਂ ਤੋਂ ਬਰਖਾਸ਼ਤ ਕਰਨ ਦੀ ਮੰਗ ਕੀਤੀ ਗਈ । ਇਸੇ ਤਰਾਂ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਅਤੇ ਪੂਰੀ ਜਿੰਦਗੀ ਲੋਕ ਕਲਾ ਦੇ ਲੇਖੇ ਲਾਉਣ ਵਾਲੇ ਭਾਅ ਗੁਰਸ਼ਰਨ ਸਿੰਘ ਹੋਰਾਂ ਦੀ ਸਪੁੱਤਰੀ ਡਾਕਟਰ ਨਵਸ਼ਰਨ ਕੌਰ ਨੂੰ ਕੇਂਦਰੀ ਏਜੰਸੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਉਪਰੰਤ ਅੱਜ ਨੌਜਵਾਨ ਆਗੂ ਲਖਵੀਰ ਸਿੰਘ ਅਕਲੀਆ ਨੂੰ ਸਰਬਸੰਮਤੀ ਨਾਲ ਕਾਰਜਕਾਰੀ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਜਗਦੇਵ ਸਿੰਘ ਕੋਟਲੀ ਨੂੰ ਜਿਲਾ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ । ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਵੱਲੋਂ ਮੱਖਣ ਸਿੰਘ ਭੈਣੀ ਬਾਘਾ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੂੰ ਸੂਬਾ ਕਾਰਜਕਾਰਨੀ ਵਿੱਚ ਸ਼ਾਮਿਲ ਕਰਨ ਦਾ ਐਲਾਨ ਕੀਤਾ ਗਿਆ। ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਜਿਲਾ ਜਥੇਬੰਦੀ ਵਿੱਚ ਮੱਖਣ ਸਿੰਘ ਭੈਣੀ ਬਾਘਾ ਅਤੇ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਸ਼ਾਮਿਲ ਹੋਏ ਆਗੂ, ਵਰਕਰ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ । ਇਸ ਉਪਰੰਤ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਸਮੁੱਚੀ ਜਿਲਾ ਕਮੇਟੀ ਵੱਲੋਂ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਦਾ ਅਹਿੱਦ ਕੀਤਾ ਗਿਆ। ਇਸ ਮੌਕੇ  ਜਥੇਬੰਦੀ ਦੇ ਸੀਨਾਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਵਿੱਤ ਸਕੱਤਰ  ਬਲਵੰਤ ਸਿੰਘ ਉੱਪਲੀ ਅਤੇ ਜਿਲਾ ਆਗੂਆਂ ਮਹਿੰਦਰ ਸਿੰਘ ਦਿਆਲਪੁਰਾ, ਜਿਲਾ ਸਕੱਤਰ ਬਲਵਿੰਦਰ ਸ਼ਰਮਾਂ ਖਿਆਲਾ, ਮੀਤ ਪ੍ਰਧਾਨ ਬਲਕਾਰ ਸਿੰਘ ਚਹਿਲ, ਗੁਰਜੰਟ ਸਿੰਘ ਮੰਘਾਣੀਆਂ, ਰਾਮਫਲ ਸਿੰਘ ਬਹਾਦਰਪੁਰ ਸਮੇਤ ਬਲਵਿੰਦਰ ਕੌਰ ਭੈਣੀ ਬਾਘਾ, ਵਰਿਆਮ ਸਿੰਘ ਖਿਆਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਾਕ ਆਗੂ ਸੱਤਪਾਲ ਵਰੇ, ਗੁਰਚਰਨ ਸਿੰਘ ਉੱਲਕ, ਕੁਲਦੀਪ ਸਿੰਘ ਚਹਿਲ, ਮਹਿੰਦਰ ਸਿੰਘ ਰਾਠੀ, ਬਲਜਿੰਦਰ ਸਿੰਘ ਚਹਿਲਾਂਵਾਲੀ, ਮਿੱਠੂ ਪੇਰੋਂ, ਬਲਜੀਤ ਭੈਣੀ ਬਾਘਾ, ਲੀਲਾ ਮੂਸਾ, ਬਿੰਦਰ ਭੰਮੇ ਖੁਰਦ, ਰੂਪ ਸ਼ਰਮਾਂ, ਨਛੱਤਰ ਸਿੰਘ ਚੋਟੀਆਂ, ਗੁਰਚਰਨ ਸਿੰਘ, ਗੋਰਾ ਸਿੰਘ ਅਲੀਸ਼ੇਰ, ਵਸੀਰਾ ਸਿੰਘ ਰੱਲਾ, ਰੂਪ ਸਿੰਘ ਅਕਲੀਆ, ਬੂਟਾ ਸਿੰਘ ਰੜ ਅਤੇ ਗੁਰਕਰਤਾਰ ਸਿੰਘ ਬੋੜਾਵਾਲ ਹਾਜ਼ਿਰ ਸਨ ।