ਗੈਰ ਕਾਨੂੰਨੀ ਢੰਗ ਨਾਲ ਗਰਭਪਾਤ ਦਵਾਈਆਂ ਵੇਚਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ : ਡਾ. ਔਲ਼ਖ

ਬਰਨਾਲਾ, 15 ਨਵੰਬਰ : ਸਿਹਤ ਵਿਭਾਗ ਵੱਲੋਂ ਮਾਣਯੋਗ  ਡਾ. ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਧੀਨ ਭਰੂਣ ਹੱਤਿਆ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਉਨ੍ਹਾਂ ਮੈਡੀਕਲ ਸਟੋਰਾਂ ਵਿੱਰੁਧ ਕਾਰਵਾਈ ਕੀਤੀ ਜਾ ਰਹੀ ਹੈ ।  ਜੋ ਗੈਰ ਕਾਨੂੰਨੀ ਢੰਗ ਨਾਲ ਗਰਭਪਾਤ ਵਾਲੀਆਂ ਕਿੱਟਾਂ (ਐਮ.ਟੀ.ਪੀ.) ਵੇਚਦੇ ਹਨ। ਡਾ. ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡਮ ਪਰਨੀਤ ਕੌਰ ਡਰੱਗ ਇੰਸਪੈਕਟਰ ਬਰਨਾਲਾ ਦੀ ਅਗਵਾਈ ਅਧੀਨ ਅਗਸਤ ਮਹੀਨ ਸ਼ਹਿਰ ਬਰਨਾਲਾ ਦੇ ਇੱਕ ਮੈਡੀਕਲ ਸਟੋਰ ਤੋਂ 3 ਅਤੇ ਪਿੰਡ ਜੋਧਪੁਰ ਦੇ ਮੈਡੀਕਲ ਸਟੋਰ ਤੋਂ 12  ਐਮ.ਟੀ.ਪੀ. ਕਿੱਟਾਂ ਪ੍ਰਾਪਤ ਹੋਈਆਂ ਜਿਸ ਤੋਂ ਬਾਅਦ ਇਨ੍ਹਾਂ ਵਿਰੁੱਧ ਕਾਰਵਾਈ ਕਰਦਿਆਂ ਜੋਨਲ ਲਾਇਸੰਸ ਅਥਾਰਟੀ ਵੱਲੋਂ ਸਸਪੈਂਡ ਕੀਤੇ ਗਏ । ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਸਿਹਤ ਵਿਭਾਗ ਦੀ ਟੀਮ ਵੱਲੋ  ਸ਼ਹਿਰ ਬਰਨਾਲਾ ਦਾ ਇੱਕ  ਐਮ.ਟੀ.ਪੀ. ਸੈਂਟਰ ਵੀ ਸੀਲ ਕੀਤਾ ਗਿਆ ਜਿੱਥੇ ਡਾਕਟਰ ਦੀ ਗੈਰ ਹਾਜ਼ਰੀ ਵਿੱਚ ਸਬੰਧਤ ਸਟਾਫ ਵੱਲੋਂ ਗਰਭਪਾਤ ਵਾਲੀ ਦਵਾਈ ਗੈਰ ਕਾਨੂੰਨੀ ਢੰਗ ਨਾਲ ਦਿੱਤੀ ਗਈ ਸੀ । ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਅਕਤੂਬਰ ਮਹੀਨੇ ਤਪਾ ਦੇ ਮੈਡੀਕਲ ਸਟੋਰ ਤੋਂ 5 ਐਮ.ਟੀ.ਪੀ. ਕਿੱਟਾਂ ,  ਬਰਨਾਲਾ ਸ਼ਹਿਰ ਵਿੱਚ ਮੌਜੂਦ ਇੱਕ ਜਨ ਔਸ਼ਧੀ ਸਟੋਰ ਤੋਂ 6 ਐਮ.ਟੀ.ਪੀ. ਕਿੱਟਾਂ ਬਰਾਮਦ ਹੋਈਆਂ ਜੋ ਕਿ ਮੌਕੇ ’ਤੇ ਇਨ੍ਹਾਂ ਦੀ ਪ੍ਰਵਾਨਗੀ ਤੇ ਖਰੀਦ ਸਬੰਧੀ ਕੋਈ ਬਿੱਲ ਨਹੀਂ ਦਿਖਾ ਸਕੇ, ਜਿਸ ਕਾਰਨ ਇਨ੍ਹਾਂ ਸਾਰੇ ਮੈਡਿਕਲ ਸਟੋਰਾਂ ਵਿਰੁੱਧ ਕਾਰਵਾਈ ਕਰਨ ਲਈ ਜੋਨਲ ਲਾਇਸੰਸ ਥਾਰਟੀ ਨੂੰ ਲਿਖ ਦਿੱਤਾ ਗਿਆ ਹੈ । ਡਾ. ਔਲ਼ਖ ਨੇ ਕਿਹਾ ਕਿ ਕੋਈ ਵੀ ਮੈਡੀਕਲ ਸਟੋਰ  ਬਿਨਾਂ ਕਿਸੇ ਡਾਕਟਰ ਦੇ ਲਿਖੇ ਤੋਂ ਇਹ ਗਰਭਪਾਤ ਵਾਲੀ ਦਵਾਈ ਨਹੀਂ ਵਿੱਚ ਸਕਦੇ ਅਤੇ ਜੇਕਰ ਕੋਈ ਗਰਭਪਾਤ ਦਵਾਈ  (ਐਮ.ਟੀ.ਪੀ. ਕਿੱਟ) ਵੇਚਦਾ ਹੈ ਤਾਂ ਇਸ ਸਬੰਧੀ ਬਾਕਾਇਦਾ ਰਿਕਾਰਡ ਦਰਜ ਕੀਤਾ ਜਾਵੇ ਅਤੇ ਇਸਦੇ ਖਰੀਦ ਬਿੱਲ ਲਾਜ਼ਮੀ ਤੌਰ ਤੇ ਹੋਣੇ ਚਾਹੀਦੇ ਹਨ ।