ਜ਼ੀਰਾ ਵਿੱਚ ਅਵਾਰਾ ਕੁੱਤਿਆਂ ਨੇ ਦੋ ਬੱਚਿਆਂ ਨੂੰ ਵੱਢਿਆ, ਇੱਕ ਬੱਚੇ ਦੀ ਮੌਤ, ਇੱਕ ਗੰਭੀਰ ਜਖ਼ਮੀ

ਜ਼ੀਰਾ, 18 ਨਵੰਬਰ : ਜਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਵਿੱਚ ਘਰ ਦੇ ਬਾਹਰ ਖੇਡ ਰਹੇ ਦੋ ਬੱਚਿਆਂ ਨੂੰ ਅਵਾਰਾ ਕੁੱਤਿਆਂ ਨੇ ਵੱਢ ਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ, ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿੱਚ ਭਰਤੀ ਕਰਵਾਇਆ ਗਿਆ ਹੈ। ਸੰਜੇ ਕੁਮਾਰ ਵਾਸੀ ਬਾਂਦਾ (ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਉਹ ਕੰਮ ਦੇ ਸਿਲਸਿਲੇ ਵਿਚ ਜੀਰਾ ਵਿਖੇ ਰਹਿੰਦਾ ਹੈ। ਉਸ ਦੇ ਚਚੇਰੇ ਭਰਾ ਦਾ ਲੜਕਾ ਰੌਸ਼ਨ (6) ਅਤੇ ਬੱਚਾ ਸ਼ਿਵ (5) ਮਾਸੀ ਦੇ ਘਰ ਦੇ ਬਾਹਰ ਖੇਡ ਰਹੇ ਸਨ। ਹੱਡਾਰੋੜੀ ਦੇ ਕੁੱਤਿਆਂ ਨੇ ਦੋਵਾਂ ਬੱਚਿਆਂ 'ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖ਼ਮੀ ਕਰ ਦਿੱਤਾ। ਕੁੱਤਿਆਂ ਦੇ ਵੱਢਣ ਨਾਲ ਰੌਸ਼ਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲੋਕਾਂ ਨੇ ਸ਼ਿਵ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ। ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।  ਪੀੜਤ ਪਿਤਾ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਜ਼ਰੂਰ ਕਰੇ। ਦੂਜੇ ਪਾਸੇ ਇਸ ਘਟਨਾ ਸਬੰਧੀ ਕਿਸਾਨ ਆਗੂ ਮੰਗਲ ਸਿੰਘ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ ਕਿਉਂਕਿ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਜ਼ਦੂਰ ਦੀ ਮਦਦ ਕਰਨੀ ਚਾਹੀਦੀ ਹੈ।