ਸਰਕਾਰੀ ਹਾਈ ਸਕੂਲ ਕੇਰੀਆ ਅਤੇ ਸਰਕਾਰੀ ਹਾਈ ਸਕੂਲ ਚੂਹੜੀਵਾਲਾ ਚਿਸਤੀ ਵਿਖੇ ਪਰਾਲੀ ਜਾਗਰੂਕਤਾ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

ਫਾਜ਼ਿਲਕਾ 3 ਅਕਤੂਬਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਦੀ ਅਗਵਾਈ ਹੇਠ ਸਿੱਖਿਆ ਵਿਭਾਗ ਫਾਜ਼ਿਲਕਾ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਬਾਰੇ ਜਾਗਰੂਕਤਾ ਗਤੀਵਿਧੀਆ ਆਰੰਭੀਆ ਗਈਆਂ ਹਨ। ਇਸੇ ਤਹਿਤ ਹੀ ਸਰਕਾਰੀ ਹਾਈ ਸਕੂਲ ਕੇਰੀਆ ਅਤੇ ਸਰਕਾਰੀ ਹਾਈ ਸਕੂਲ ਚੂਹੜੀਵਾਲਾ ਚਿਸਤੀ ਫਾਜ਼ਿਲਕਾ-2 ਵੱਲੋਂ ਸਕੂਲੀ ਵਿਦਿਆਰਥੀਆ ਵਿਚਕਾਰ ਪਰਾਲੀ ਜਾਗਰੂਕਤਾ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ. ਸੁਖਬੀਰ ਬੱਲ ਨੇ ਦੱਸਿਆ ਕਿ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕਤਾ ਦੇ ਇਨ੍ਹਾਂ ਪੋਸਟਰ ਮੇਕਿੰਗ ਮੁਕਾਬਲੇ ਕਰਵਾਉਣ ਦਾ ਉਦੇਸ਼ ਹੈ ਕਿ ਬੱਚੇ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਬਾਰੇ ਖੁਦ ਜਾਗਰੂਕ ਹੋਣਗੇ ਉੱਥੇ ਹੀ ਆਪਣੇ ਮਾਤਾ ਪਿਤਾ ਅਤੇ ਰਿ਼ਸ਼ਤੇਦਾਰਾਂ ਨੂੰ ਵੀ ਜਾਗਰੂਕ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਚੂਹੜੀਵਾਲਾ ਚਿਸਤੀ ਵਿਖੇ ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਫੈਲਾਉਣ ਦੀ ਸਹੁੰ ਵੀ ਚੁਕਾਈ ਗਈ। ਉਨ੍ਹਾਂ ਕਿਹਾ ਕਿ ਬੱਚੇ ਆਪਣੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਨ ਕਿ ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਹੀ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਜਮੀਨ ਵਿੱਚ ਵਾਹ ਕੇ ਅਗਲੀ ਫਸਲ ਦੀ ਬਿਜਾਈ ਕਰਨ ਤਾਂ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਅਗਲੀ ਫਸਲ ਦਾ ਝਾੜ ਵੀ ਵਧੇਗਾ। ਉਨ੍ਹਾਂ ਕਿਹਾ ਕਿ ਆਓ ਅਸੀਂ ਸਾਰੇ ਵਾਤਾਵਰਨ ਮਿੱਤਰ ਬਣ ਕੇ ਪਰਾਲੀ ਨਾ ਸਾੜਨ ਬਾਰੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕਰੀਏ ਅਤੇ ਫਾਜ਼ਿਲਕਾ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰੀਏ।