ਰਾਜ ਪੱਧਰੀ ਸਮਾਗਮ (ਨਾਟਕ ਮੇਲਾ) ਡੀ.ਏ. ਵੀ. ਕਾਲਜ ਅਬੋਹਰ  ਦੇ ਆਡੀਟੋਰੀਅਮ ਵਿਖੇ ਕਰਵਾਇਆ

ਫਾਜਿਲਕਾ 24 ਨਵੰਬਰ : ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮਨਾਏ ਜਾ ਰਹੇ 'ਪੰਜਾਬੀ ਮਾਹ -2023' ਦੇ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਵੱਖ- ਵੱਖ ਸਮਾਗਮ ਦੀ ਲੜੀ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਵੀ ਰਾਜ ਪੱਧਰੀ ਸਮਾਗਮ (ਨਾਟਕ ਮੇਲਾ) ਡੀ.ਏ. ਵੀ. ਕਾਲਜ ਅਬੋਹਰ  ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਸਮਾਗਮ  ਦੀ ਸ਼ੂਰੁਆਤ ਭਾਸ਼ਾ  ਵਿਭਾਗ  ਦੀ ਵਿਭਾਗੀ ਧੁਨੀ  ਨਾਲ ਕੀਤੀ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ  ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਜੀ ਕਰ ਰਹੇ ਸਨ ਅਤੇ ਸ਼੍ਰੀ ਸੁਨੀਲ ਸਚਦੇਵਾ (ਚੇਅਰਮੈਨ, ਜ਼ਿਲ੍ਹਾ ਯੋਜਨਾਂ ਬੋਰਡ, ਫ਼ਾਜ਼ਿਲਕਾ) ਅਤੇ ਸ਼੍ਰੀ ਅਮਨਦੀਪ ਸਿੰਘ ਮੁਸਾਫ਼ਰ ਵੱਲੋਂ  ਸ਼੍ਰੀ ਮਨੋਜ ਗੋਦਾਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਵਿਚ ਸਿਰਜਣਾ ਆਰਟ, ਰਾਏਕੋਟ ਵੱਲੋਂ ਡਾ. ਸੋਮਪਾਲ ਹੀਰਾ ਦੇ ਨਿਰਦੇਸ਼ਨ ਵਿੱਚ ' ਭਾਸ਼ਾ ਵਹਿੰਦਾ ਦਰਿਆ' ਅਤੇ ਨਟਰੰਗ ਸੋਸਾਇਟੀ ਅਬੋਹਰ ਵੱਲੋਂ ਹਨੀ ਉਤਰੇਜਾ ਦੇ ਨਿਰਦੇਸ਼ਨ ਹੇਠ 'ਜੀ ਆਇਆਂ ਨੂੰ' ਨਾਟਕ ਬਾਖ਼ੂਬੀ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ । ਇਸ ਮੌਕੇ ਬੋਲਦਿਆਂ ਸ਼੍ਰੀ ਕੇਵਲ ਧਾਲੀਵਾਲ ਨੇ  ਭਾਸ਼ਾ  ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਰਾਜ ਪੱਧਰੀ ਨਾਟਕ ਮੇਲੇ ਦਾ ਆਯੋਜਨ ਕਰਵਾ ਕੇ ਰੰਗਮੰਚ ਦੀ ਪ੍ਰਫੁੱਲਤਾ ਲਈ ਕੀਤੇ ਕਾਰਜਾਂ  ਦੀ ਵੀ ਪ੍ਰਸ਼ੰਸਾ ਕੀਤੀ । ਸਮਾਗਮ ਦੇ ਵਿਸ਼ੇਸ਼ ਮਹਿਮਾਨ  ਸ਼੍ਰੀ ਸੁਨੀਲ ਸਚਦੇਵਾ (ਚੇਅਰਮੈਨ, ਜ਼ਿਲ੍ਹਾ ਯੋਜਨਾਂ ਬੋਰਡ, ਫ਼ਾਜ਼ਿਲਕਾ) ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਦੀ ਉੱਨਤੀ ਅਤੇ ਵਿਕਾਸ ਲਈ ਇਤਿਹਾਸਕ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਮਾਗਮ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਹਿਤਕਾਰਾਂ, ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਸ਼੍ਰੀ ਭੁਪਿੰਦਰ ਉਤਰੇਜਾ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸਮੂਹ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਭਾਸ਼ਾ  ਵਿਭਾਗ ਦੇ ਕਾਰਜਾਂ ਬਾਰੇ ਦੱਸਿਆ ਗਿਆ। ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਾਸ਼ਾ ਵਿਭਾਗ ਵੱਲੋਂ ਸ੍ਰੀ ਕੇਵਲ ਧਾਲੀਵਾਲ ਪ੍ਰਧਾਨ,  ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਭਾਸ਼ਾ  ਵਿਭਾਗ ਵੱਲੋਂ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਆਰ .ਕੇ .ਮਹਾਜਨ , ਪ੍ਰੋ. ਗੁਰਰਾਜ ਚਹਿਲ ਅਤੇ ਡਾ. ਤਰਸੇਮ  ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਸ਼ਾਮਲ ਸਮੂਹ ਦਰਸ਼ਕਾਂ ਅਤੇ ਪਤਵੰਤਿਆਂ ਦਾ ਖੋਜ ਅਫ਼ਸਰ ਫਾਜ਼ਿਲਕਾ ਸ. ਪਰਮਿੰਦਰ ਸਿੰਘ ਰੰਧਾਵਾ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ  ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ  ਦੀ ਭੂਮਿਕਾ ਸ਼੍ਰੀ ਵਿਜੇਅੰਤ ਜੁਨੇਜਾ ਦੁਆਰਾ ਨਿਭਾਈ ਗਈ ਅਤੇ ਦੋ ਬੱਚਿਆਂ ਨੇ ਸ਼੍ਰੀ ਕੁਲਜੀਤ ਭੱਟੀ ਦੁਆਰਾ ਤਿਆਰ ਕਰਵਾਇਆ ਗਿਆ ਸ਼ਬਦ ਵੀ ਪੇਸ਼ ਕੀਤਾ। ਇਸ ਮੌਕੇ ਸ੍ਰੀ ਰਮਨ ਕੁਮਾਰ ਸੀ. ਅਸਿਸਟੈਂਟ ਦੀ ਅਗਵਾਈ ਵਿੱਚ ਕਿਤਾਬਾਂ  ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਚਾਰੂ ਸ਼ਰਮਾ ਅਤੇ ਬਿੰਸ਼ਬਰ ਸਾਮਾ ਵੱਲੋਂ  ਪੇਟਿੰਗ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਸਮਾਗਮ  ਦੌਰਾਨ  ਪ੍ਰੋ. ਬੀ.ਐਸ ਚੌਧਰੀ ,ਪ੍ਰਿੰਸੀਪਲ ਰਾਜੇਸ਼ ਸਚਦੇਵਾ ,ਪ੍ਰਿੰਸੀਪਲ ਸੁਖਦੇਵ ਸਿੰਘ  ਗਿੱਲ ਅਤੇ ਹੋਰ ਪਤਵੰਤੇ ਹਾਜਰ ਸਨ।