ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਗੀਆਂ 'ਖੇਡਾਂ ਵਤਨ ਪੰਜਾਬ ਦੀਆਂ : ਗੁਰਦੀਪ ਸਿੰਘ ਬਾਠ

  • ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ
  • ਅੰਡਰ 14 ਲੜਕੀਆਂ ਦੇ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਫਾਜ਼ਿਲਕਾ ਤੇ ਜਲੰਧਰ ਨੇ ਲੁਧਿਆਣਾ ਨੂੰ ਦਿੱਤੀ ਮਾਤ 

ਬਰਨਾਲਾ, 12 ਅਕਤੂਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2023 ਦੇ ਸੂਬਾ ਪੱਧਰੀ ਮੁਕਾਬਲੇ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਜਾਰੀ ਹਨ। ਇਸ ਤਹਿਤ ਬੈਡਮਿੰਟਨ ਦੇ ਮੁਕਾਬਲੇ ਇੱਥੇ ਲਾਲ ਬਹਾਦੁਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿੱਚ ਕਰਾਏ ਜਾ ਰਹੇ ਹਨ, ਜਿੱਥੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਗੁਰਦੀਪ ਸਿੰਘ ਬਾਠ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੂੰ ਤਿੰਨ ਖੇਡਾਂ ਦੇ ਸੂਬਾ ਪੱਧਰੀ ਮੁਕਾਬਲੇ ਕਰਵਾਉਣ ਦਾ ਮਾਣ ਹਾਸਲ ਹੋਇਆ ਹੈ ਤੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬੈਡਮਿੰਟਨ ਖੇਡ ਨੂੰ ਜ਼ਿਲ੍ਹਾ ਬਰਨਾਲਾ ਵਿੱਚ ਪ੍ਰਫੁੱਲਿਤ ਕਰਨ ਲਈ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਹੋਰ ਖੇਡਾਂ ਦੇ ਵੀ ਪਿੰਡਾਂ ਵਿੱਚ ਗਰਾਊਂਡ ਬਣਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਬੈਡਮਿੰਟਨ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।  ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਬੈਡਮਿੰਟਨ ਵਿੱਚ ਅੰਡਰ 14 ਲੜਕੀਆਂ (ਸੈਮੀਫਾਈਨਲ) ਵਿੱਚ ਅੰਮ੍ਰਿਤਸਰ ਨੇ ਫਾਜਿਲਕਾ ਨੂੰ 2—0 ਨਾਲ , ਜਲੰਧਰ ਨੇ ਲੁਧਿਆਣਾ ਨੂੰ 2—1 ਨਾਲ ਹਰਾਇਆ। ਅੰਡਰ 17 ਲੜਕੀਆਂ (ਸੈਮੀਫਾਈਨਲ) ਵਿੱਚ ਲੁਧਿਆਣਾ ਨੇ ਹੁਸ਼ਿਆਰਪੁਰ ਨੂੰ 2—0 ਨਾਲ ਹਰਾਇਆ। ਫਾਜਿਲਕਾ ਨੇ ਫਿਰੋਜਪੁਰ ਨੂੰ 2—1 ਨਾਲ ਹਰਾਇਆ। ਵੂਮੈਨ 21—30 ਸਾਲ (ਸੈਮੀਫਾਈਨਲ) ਵਿੱਚ ਮਲੇਰਕੋਟਲਾ ਨੇ ਅੰਮ੍ਰਿਤਸਰ ਨੂੰ 2—0 ਨਾਲ ਤੇ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਨਗਰ ਨੁੰ 2—1 ਨਾਲ ਹਰਾਇਆ।