07 ਅਕਤੂਬਰ ਤੱਕ ਲਗਾਇਆ ਜਾਵੇਗਾ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਮੈਡੀਕਲ ਚੈੱਕ-ਅਪ ਕੈਂਪ: ਸਿਵਲ ਸਰਜਨ 

ਫਤਿਹਗੜ੍ਹ ਸਾਹਿਬ : 03 ਅਕਤੂਬਰ : ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ "ਅੰਤਰਰਾਸ਼ਟਰੀ ਬਜ਼ੁਰਗ ਦਿਵਸ" ਨੂੰ ਸਮਰਪਿਤ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਮੈਡੀਕਲ ਚੈੱਕ-ਅਪ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਜਿਲੇ ਅੰਦਰ 01 ਤੋਂ 7 ਅਕਤੂਬਰ ਤੱਕ ਬਜ਼ੁਰਗਾਂ ਦੀ ਸਿਹਤ ਸੰਭਾਲ ਸਬੰਧੀ ਹਫਤਾ ਮਨਾਇਆ ਜਾ ਰਿਹਾ ਹੈ ਤੇ ਇਸ ਹਫਤੇ ਦੌਰਾਨ ਬਜ਼ੁਰਗਾਂ ਲਈ ਵਿਸ਼ੇਸ਼ ਮੈਡੀਕਲ ਚੈਕ-ਅਪ ਅਤੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਸ਼ਾਨ ਹਨ, ਇਹਨਾਂ ਦਾ ਖਿਆਲ ਰੱਖਣਾ ਸਾਡਾ ਮੁਢਲਾ ਫਰਜ਼ ਹੈ। ਉਹਨਾਂ ਕਿਹਾ ਕਿ ਸਾਨੂੰ ਬਜ਼ੁਰਗਾਂ ਦੀ ਮਾਨਸਿਕ ਸਿਹਤ ਸੰਭਾਲ ਲਈ ਬਜ਼ੁਰਗਾਂ ਦਾ ਸਤਿਕਾਰ, ਦੌੜ ਭੱਜ ਦੀ ਜ਼ਿੰਦਗੀ ਵਿੱਚੋਂ ਵੀ ਉਹਨਾਂ ਲਈ ਸਮਾਂ ਕੱਢਣਾ, ਉਹਨਾਂ ਲਈ ਪਿਆਰ ਤੇ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਤੇ ਕਦੇ ਵੀ ਬਜ਼ੁਰਗਾਂ ਨਾਲ ਭੇਦਭਾਵ ਤੇ ਉਹਨਾਂ ਨਾਲ ਅਪਮਾਨਜਨਕ ਵਿਵਹਾਰ ਨਹੀਂ ਕਰਨਾ ਚਾਹੀਦਾ ਅਤੇ ਸਮਾਜ ਦੀ ਤਰੱਕੀ ਲਈ, ਬਜ਼ੁਰਗਾਂ ਦੇ ਪਾਏ ਯੋਗਦਾਨ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਇਸ ਮੌਕੇ ਮੈਡੀਸਨ ਦੇ ਮਾਹਰ ਡਾਕਟਰ ਹਰਕੇਸ਼ ਕੁਮਾਰ ਨੇ ਕਿਹਾ ਕਿ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਉਹਨਾਂ ਨੂੰ ਹਰ ਰੋਜ਼ ਹਲਕੀ ਕਸਰਤ/ ਯੋਗਾ ਕਰਵਾਈ ਜਾਵੇ, ਹਮੇਸ਼ਾ ਸੰਤੁਲਤ ਭੋਜਨ ਦਿੱਤਾ ਜਾਵੇ, ਉਹਨਾਂ ਦੇ ਪੂਰੇ ਆਰਾਮ,ਪੂਰੀ ਨੀਂਦ ਅਤੇ ਸਮੇਂ ਸਮੇਂ ਤੇ ਉਨਾਂ ਦੇ ਪੂਰੇ ਸਰੀਰ ਦਾ ਮੈਡੀਕਲ ਚੈਕ ਅਪ ਕਰਵਾਉਣਾ ਜਰੂਰੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਿਸ ਘਰ ਵਿੱਚ ਬਜ਼ੁਰਗ ਹੋਣ ਤਾਂ ਚੰਗਾ ਹੋਵੇਗਾ ਜੇਕਰ ਉਸ ਘਰ ਵਿੱਚ, ਬੀ.ਪੀ, ਸ਼ੂਗਰ, ਨੇਬੂਜਾਈਜਰ, ਆਕਸੀਮੀਟਰ, ਥਰਮਾਮੀਟਰ ਆਦਿ ਚੈੱਕ ਕਰਨ ਲਈ ਸਮਾਨ ਉਪਲਬਧ ਹੋਵੇ। ਉਹਨਾਂ ਕਿਹਾ ਕਿ ਜੇਕਰ ਕਿਸੇ ਬਜ਼ੁਰਗ ਦੀ ਬਿਮਾਰੀ ਦਾ ਇਲਾਜ ਚਲਦਾ ਹੈ ਤਾਂ ਡਾਕਟਰ ਦੀ ਸਲਾਹ ਅਨੁਸਾਰ ਉਸ ਬਿਮਾਰੀ ਦਾ ਇਲਾਜ ਮੁਕੰਮਲ ਕਰਵਾਇਆ ਜਾਵੇ, ਅਤੇ ਲੋੜ ਪੈਣ ਤੇ ਬਜ਼ੁਰਗ ਦੀ ਐਮਰਜੈਂਸੀ ਦੀ ਸਥਿਤੀ ਨਾਲ ਨਿਪਟਣ ਲਈ ਯੋਜਨਾ ਪਹਿਲਾਂ ਤੋਂ ਹੀ ਬਣਾ ਕੇ ਰੱਖੀ ਜਾਵੇ। ਇਸ ਮੌਕੇ ਤੇ ਜਿਲਾ ਐਪੀਡਮਿਆਲੋਜਿਸਟ ਡਾਕਟਰ ਦੀਪਤੀ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ,ਜਸਵਿੰਦਰ ਕੌਰ, ਬੀ.ਸੀ.ਸੀ ਅਮਰਜੀਤ ਸਿੰਘ,ਨਰਸਿੰਗ ਵਿਦਿਆਰਥੀ ਅਤੇ ਆਮ ਲੋਕ ਹਾਜ਼ਰ ਸਨ।