ਬੱਚਿਆਂ ਨੂੰ ਪੜ੍ਹਾਈ ਪ੍ਰਤੀ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ ਦਾ ਵਿਸ਼ੇਸ਼ ਉਪਰਾਲਾ

  • ਬੱਚੇ ਨੂੰ ਇੱਕ ਦਿਨ ਲਈ ਜਿਲ੍ਹਾ ਸਿੱਖਿਆ ਅਫਸਰ ਦੀ ਕੁਰਸੀ ਤੇ ਕੀਤਾ ਬਿਰਾਜਮਾਨ

ਫਰੀਦਕੋਟ 15 ਸਤੰਬਰ : ਮੇਵਾ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਫਰੀਦਕੋਟ ਨੇ ਇਕ ਦਿਨ ਲਈ ਵੀਰਇੰਦਰਜੋਤ ਸਿੰਘ ਬਰਾੜ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਰੀਦਕੋਟ ਦੀ ਕੁਰਸੀ ਤੇ ਬਿਠਾ ਕੇ ਬੱਚੇ ਨੂੰ ਸ਼ੁਭ ਇਛਾਵਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਕਰਨ ਦਾ ਮਕਸਦ ਹੈ ਕਿ ਬੱਚੇ ਭਵਿੱਖ ਵਿੱਚ ਬਹੁਤ ਜਿਆਦਾ ਪੜ੍ਹ ਲਿਖ ਕੇ ਵੱਡੇ ਅਫਸਰ ਬਣਨ ਅਤੇ ਬੱਚਿਆਂ ਦਾ ਇਸ ਨੂੰ ਦੇਖ ਕੇ ਮਨੋਬਲ ਵਧੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਐਮੀਨਾਸ ਵਿੱਚ ਬਦਲ ਕੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿੱਚ 03 ਸਕੂਲ ਆਫ ਐਮੀਨਾਸ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਾਰੇ ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਦੇਣਾ ਹੀ ਮੰਤਵ ਨਹੀਂ ਹੈ, ਬਲਕਿ ਅਜਿਹੀ ਸਿੱਖਿਆ ਦੇਣੀ ਹੈ, ਜਿਸ ਨਾਲ ਉਹ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਦਾ ਗਠਨ ਕੀਤਾ ਹੈ, ਉਦੋਂ ਤੋਂ ਹੀ ਸਰਕਾਰ ਦਾ ਮੁੱਖ ਟੀਚਾ ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਦੇ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋਣਾ ਹੈ।  ਇਸ ਮੰਤਵ ਲਈ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਤਿਆਰ ਕਰਨ ਦੇ ਉਪਰਾਲੇ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਅਤੇ ਇਸ ਉਪਰਾਲੇ ਤਹਿਤ ਹੀ ਅੱਜ ਸਰਕਾਰੀ ਸਕੂਲ ਦੇ ਬੱਚੇ ਨੂੰ ਇੱਕ ਦਿਨ ਲਈ ਡੀ.ਈ.ਓ ਦੀ ਕੁਰਸੀ ਤੇ ਬੈਠਣ ਦਾ ਮੌਕਾ ਦਿੱਤਾ ਗਿਆ।