ਸਪੀਕਰ ਸੰਧਵਾਂ ਨੇ ਪਿੰਡ ਵਾੜਾਦੜਾਕਾ ਤੋ ਦੁਆਰੇਆਣਾ ਸੜਕ ਦੇ ਬਰਮ ਮਜਬੂਤ ਕਰਨ ਦੇ ਕੰਮ ਦੀ ਕੀਤੀ ਸ਼ੁਰੂਆਤ

ਫਰੀਦਕੋਟ, 10 ਮਈ : ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਕਮਿਸ਼ਨਰ ਡਾਕਟਰ ਰੂਹੀ ਦੁੱਗ ਨੇ ਪਿੰਡ ਵਾੜਾਦੜਾਕਾ ਤੋ ਦੁਆਰੇਆਣਾ ਵਿਖੇ ਸੜਕਾਂ ਦੇ ਦੋਨਾਂ ਪਾਸਿਆਂ ਦੇ ਬਰਮ ਮਜਬੂਤ ਕਰਨ ਦੇ ਕੰਮ ਦੀ ਸਾਂਝੇ ਤੌਰ ਤੇ ਸ਼ੁਰੂਆਤ ਕਰਵਾਈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਫਰੀਦਕੋਟ ਵਿਖੇ 59 ਕਿਲੋਮੀਟਰ, ਸਾਦਿਕ ਵਿਖੇ ਕਰੀਬ 29 ਕਿਲੋਮੀਟਰ, ਕੋਟਕਪੂਰਾ ਵਿਖੇ ਕਰੀਬ 19 ਕਿਲੋਮੀਟਰ ਅਤੇ ਜੈਤੋ ਵਿਖੇ ਕਰੀਬ ਢਾਈ ਕਿਲੋਮੀਟਰ ਸਮੇਤ ਕੁੱਲ 110 ਕਿਲੋਮੀਟਰ ਸੜਕਾਂ ਦੇ ਬਰਮ ਮਜ਼ਬੂਤ ਕੀਤੇ ਜਾਣੇ ਹਨ। ਉਨ੍ਹਾਂ ਨੇ ਕਿਹਾ ਕਿ ਇਸਦੇ ਲਈ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕਿਸਾਨਾਂ ਨੂੰ ਸੜਕਾਂ ਦੇ ਕਿਨਾਰੇ ਬਰਮ ਮਜਬੂਰ ਕਰਨ ਦੀ ਅਪੀਲ ਕੀਤੀ ਗਈ ਹੈ ਉਥੇ ਕਿਸਾਨਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਦੇਣ ਅਤੇ ਸੜਕਾਂ ਦੇ ਕਿਨਾਰੇ ਬਰਮ ਮਜਬੂਤ ਕਰਨ।  ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਉਂਦਾ ਹੈ ਕਿ ਪਿੰਡਾਂ ਦੀਆਂ ਸੜਕਾਂ ਦੇ ਦੋਨਾਂ ਪਾਸਿਆਂ ਦੇ ਬਰਮ ਨਾਲ ਲਗਦੇ ਖੇਤ ਮਾਲਕਾਂ ਵੱਲੋਂ ਵੱਢ ਲਏ ਜਾਂਦੇ ਹਨ ਅਤੇ ਇਹ ਨਾਮਾਤਰ ਹੀ ਰਹਿ ਜਾਂਦੇ ਹਨ। ਇਸ ਕਾਰਨ ਆਵਾਜਾਈ ਸਮੇਂ ਵਾਹਣ ਚਾਲਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਆਹਮਣੇ ਸਾਹਮਣੇ ਤੋਂ ਗੁਜਰਦੇ ਵਾਹਨ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਸੜਕਾਂ ਦੇ ਬਰਮ ਮੁਕੰਮਲ ਨਾ ਹੋਣ ਕਾਰਨ ਸੜਕਾਂ ਵੀ ਜਲਦੀ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਵੱਲੋਂ ਕਣਕ ਦੀ ਕਟਾਈ ਤੋਂ ਬਾਅਦ ਕੁਝ ਸਮੇਂ ਲਈ ਖੇਤ ਖਾਲੀ ਹਨ। ਇਸ ਸਮੇਂ ਦੌਰਾਨ ਸੜਕਾਂ ਦੇ ਬਰਮ ਮੁਕੰਮਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੇਂਡੂ ਲਿੰਕ ਸੜਕਾਂ ਦੇ ਬਰਮ ਮੁਕੰਮਲ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਸੰਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਬੰਧਤ ਅਧਿਕਾਰੀਆਂ ਦੀ ਸਹਾਇਤਾ ਵੀ ਲੈ ਸਕਦੇ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ  ਰੂਹੀ ਦੁੱਗ ਨੇ ਵੀ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕੀ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਪੇਂਡੂ ਲਿੰਕ ਸੜਕਾਂ ਦੇ ਕਿਨਾਰੇ ਬਰਮ ਮਜਬੂਤ ਕਰਨ। ਉਨ੍ਹਾਂ ਨੇ ਕਿਹਾ ਕਿ ਬਰਮ ਮਜ਼ਬੂਤ ਕਰਨ ਦੇ ਕੰਮ  ਦੀ ਕੁਝ ਪਿੰਡਾਂ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਹੈ।  ਕੁਝ ਦਿਨਾਂ ਦੇ ਅੰਦਰ ਅੰਦਰ ਇਸ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ ਜਿਸ ਦੇ ਲਈ ਕਿਸਾਨਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ । ਇਸ ਮੌਕੇ ਤੇ ਏਡੀਸੀ ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨ ਮੌਜੂਦ ਸਨ।