ਸਪੀਕਰ ਸੰਧਵਾਂ ਵੱਲੋਂ ‘ਨਸ਼ੇ ਭਜਾਈਏ-ਜਵਾਨੀ ਬਚਾਈਏ’ ਮੁਹਿੰਮ ਦਾ ਆਗਾਜ਼

  • ਦਿਲ ਨਾ ਛੱਡੋ, ਹਰ ਕੋਈ ਨਸ਼ੇ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦਾ ਹੈ : ਸਪੀਕਰ ਸੰਧਵਾਂ
  • ਹਲਕੇ ਦੇ ਲਗਭਗ ਦਰਜਨ ਪਿੰਡਾਂ ਵਿੱਚ ਖੁਦ ਪਹੁੰਚ ਕੇ ਲੋਕਾਂ ਨੂੰ ਕੀਤਾ ਜਾਗਰੂਕ

ਕੋਟਕਪੂਰਾ, 2 ਸਤੰਬਰ : ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਨੂੰ ਨਸ਼ੇ ਦੇ ਰੂਪ ’ਚ ਲੱਗੇ ਕੋਹੜ ਤੋਂ ਬਚਾਉਣ ਲਈ ਸ਼ੁਰੂ ਕੀਤੀ ‘ਨਸ਼ੇ ਭਜਾਈਏ-ਜਵਾਨੀ ਬਚਾਈਏ’ ਮੁਹਿੰਮ ਤਹਿਤ ਨੋਜਵਾਨਾਂ ਨੂੰ ਜਾਗਰੂਕ ਕਰਨ ਅਤੇ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੇ ਨੌਜਵਾਨਾਂ ਨੂੰ ਇਸ ਗੁਲਾਮੀ ’ਚੋਂ ਬਾਹਰ ਆਉਣ ਲਈ ਪ੍ਰੇਰਿਤ ਕਰਨ ਹਿੱਤ ਹਲਕੇ ਦੇ ਪਿੰਡਾਂ ਸੰਧਵਾਂ, ਕੋਠੇ ਚਹਿਲ, ਚਹਿਲ, ਟਹਿਣਾ, ਨਵਾਂ ਟਹਿਣਾ, ਪੱਕਾ, ਮੋਰਾਂਵਾਲੀ, ਕਲੇਰ, ਮਿਸ਼ਰੀਵਾਲਾ, ਘੁਮਿਆਰਾ ਅਤੇ ਚੰਦਬਾਜਾ ਆਦਿ ਵਿੱਚ ਵਿਸ਼ੇਸ਼ ਤੌਰ ’ਤੇ ਖੁਦ ਪਹੁੰਚ ਕਰਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਉਨਾਂ ਦੇ ਨਾਲ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐੱਸ.ਐੱਸ.ਪੀ. ਹਰਜੀਤ ਸਿੰਘ ਸਮੇਤ ਹੋਰ ਵੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉੱਘੀਆਂ ਸ਼ਖਸ਼ੀਅਤਾਂ ਵੀ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜਿਉਣ ਲਈ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਦਿਲ ਨਾ ਛੱਡੋ ਹਰ ਕੋਈ ਇਸ ਦਲਦਲ ’ਚੋਂ ਨਿਕਲ ਕੇ ਇਕ ਨਵੀਂ ਸ਼ੁਰੂਆਤ ਕਰ ਸਕਦਾ ਹੈ। ਸਪੀਕਰ ਸੰਧਵਾਂ ਦੇ ਵਿਚਾਰ ਸੁਣਨ ਲਈ ਲਗਭਗ ਹਰ ਪਿੰਡ ਵਿੱਚ ਹੀ ਭਾਰੀ ਗਿਣਤੀ ਵਿੱਚ ਮਰਦ-ਔਰਤਾਂ, ਨੋਜਵਾਨਾ ਅਤੇ ਬੱਚਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਜਿੱਥੇ ਸਪੀਕਰ ਸੰਧਵਾਂ ਨੇ ਜਿਲੇ ਦੇ ਵੱਖ ਵੱਖ ਪਿੰਡਾਂ ਡੋਡ, ਚੱਕ ਸਾਹੂ, ਮੁਮਾਰਾ ਆਦਿ ਸਮੇਤ ਹੋਰ ਵੀ ਅਨੇਕਾਂ ਉਹ ਨੌਜਵਾਨ ਸਾਰਿਆਂ ਦੇ ਸਨਮੁੱਖ ਕੀਤੇ, ਜੋ ਕਈ-ਕਈ ਸਾਲ ਨਸ਼ੇ ਦੀ ਗ੍ਰਿਫਤ ਵਿੱਚ ਫਸੇ ਹੋਣ ਦੇ ਬਾਵਜੂਦ ਨਸ਼ੇ ਦਾ ਮੁਕੰਮਲ ਤਿਆਗ ਕਰਕੇ ਆਨੰਦਮਈ ਜੀਵਨ ਬਤੀਤ ਕਰ ਰਹੇ ਹਨ। ਉਕਤ ਨੌਜਵਾਨਾ ਨੇ ਖੁਦ ਵੀ ਨਰਕ ਤੋਂ ਸਵਰਗ ਵੱਲ ਪਰਤੀ ਆਪਣੀ ਜਿੰਦਗੀ ਦੀ ਰਵਾਨਗੀ ਦਾ ਅੰਕੜਿਆਂ ਸਹਿਤ ਦਲੀਲਾਂ ਨਾਲ ਜਿਕਰ ਕਰਦਿਆਂ ਆਖਿਆ ਕਿ ਨਸ਼ਾ ਕੋਈ ਐਨੀ ਵੱਡੀ ਬਿਮਾਰੀ ਨਹੀਂ, ਜਿਸ ਦਾ ਤਿਆਗ ਨਾ ਕੀਤਾ ਜਾ ਸਕਦਾ ਹੋਵੇ। ਉੱਘੇ ਲੋਕ ਗਾਇਕ ਹਰਿੰਦਰ ਸੰਧੂ ਨੇ ਉਸਾਰੂ ਦਲੀਲਾਂ ਦਿੰਦਿਆਂ ਕੁਝ ਚੰਗੀ ਸੇਧ ਵਾਲੇ ਗੀਤਾਂ ਨਾਲ ਵੀ ਹਾਜਰੀ ਲਵਾਈ, ਜਦਕਿ ਇਲਾਕੇ ਦੀ ਪ੍ਰਸਿੱਧ ਧਾਰਮਿਕ ਸ਼ਖਸ਼ੀਅਤ ਸਤਨਾਮ ਸਿੰਘ ਚੰਦੜ ਨੇ ਨਸ਼ੇ ਦੀ ਲੱਤ ਲੱਗਣ, ਬਚਾਅ, ਇਲਾਜ ਅਤੇ ਨਸ਼ਾ ਛੱਡਣ ਦੇ ਵੱਖ ਵੱਖ ਢੰਗ ਤਰੀਕਿਆਂ ਦਾ ਜਿਕਰ ਕਰਨ ਉਪਰੰਤ ਉਹਨਾਂ ਵੀ ਕੁਝ ਅਜਿਹੇ ਨੌਜਵਾਨਾ ਨੂੰ ਲਗਭਗ ਸਾਰਿਆਂ ਪਿੰਡਾਂ ਦੀਆਂ ਸੱਥਾਂ ਵਿੱਚ ਪੇਸ਼ ਕੀਤਾ, ਜੋ ਨਸ਼ੇ ਨੂੰ ਸਦਾ ਲਈ ਤਿਲਾਂਜ਼ਲੀ ਦੇ ਚੁੱਕੇ ਹਨ। ਸਪੀਕਰ ਸੰਧਵਾਂ ਨੇ ਨਸ਼ੇ ਦੀ ਗ੍ਰਿਫਤ ’ਚ ਆਏ ਨੋਜਵਾਨਾਂ ਦੇ ਮਾਪਿਆਂ ਨੂੰ ਹੌਂਸਲਾ ਦਿੱਤਾ ਕਿ ਜਲਦੀ ਹੀ ਉਹਨਾਂ ਦੇ ਬੱਚੇ ਵੀ ਦੂਜੇ ਬੱਚਿਆਂ, ਜੋ ਨਸ਼ਾ ਛੱਡ ਚੁੱਕੇ ਹਨ, ਵਾਂਗ ਅਪਣਾ ਨਵਾਂ ਜੀਵਨ ਬਤੀਤ ਕਰਨਗੇ। ਉਨਾਂ ਕਿਹਾ ਕਿ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕੇ ਲੋਕਾਂ ਨੂੰ ਨਸ਼ਾ ਛੁਡਾਉਣ ਅਤੇ ਉਨਾਂ ਨੂੰ ਸਮਾਜ ਦੇ ਮੁੱਖ ਧਾਰਾ ’ਚ ਮੁੜ ਸ਼ਾਮਲ ਕਰਨ ਅਤੇ ਵਧੀਆ ਪਰਿਵਾਰਕ ਜੀਵਨ ਜਿਉਣ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ। ਉਨਾਂ ਆਖਿਆ ਕਿ ਜਿਲਾ ਪ੍ਰਸ਼ਾਸ਼ਨ, ਪੁਲਿਸ, ਸਿਹਤ ਵਿਭਾਗ ਸਮੇਤ ਸਾਰੇ ਵਿਭਾਗ ਇਸ ਮੁਹਿੰਮ ਨੂੰ ਅੱਗੇ ਵਧਾਉਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕੰਮ ਕਰਨ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ। ਸਪੀਕਰ ਸੰਧਵਾਂ ਨੇ ਕਿਹਾ ਕਿ ਜਿਲੇ ’ਚ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਸਪਲਾਈ, ਵੰਡ ਆਦਿ ਦੀ ਸੂਚਨਾ ਤੁਰਤ ਨੇੜੇ ਦੇ ਪੁਲਿਸ ਸਟੇਸ਼ਨ ’ਤੇ ਦੇਣ ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ। ਉਨਾਂ ਕਿਹਾ ਕਿ ਨਸ਼ਿਆਂ ਵਰਗੀ ਭੈੜੀ ਕੁਰੀਤੀ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਹੈ।