ਨਸ਼ਿਆਂ ਸਬੰਧੀ ਆ ਰਹੀਆਂ ਸ਼ਿਕਾਇਤਾਂ ਨੂੰ ਸਪੀਕਰ ਸੰਧਵਾਂ ਨੇ ਠੱਲ ਪਾਉਣ ਦੇ ਹੁਕਮ ਜਾਰੀ ਕੀਤੇ

  • ਡੀ.ਸੀ ਨੂੰ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਕਿਹਾ

ਫ਼ਰੀਦਕੋਟ 30 ਅਗਸਤ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਨਸ਼ਿਆਂ ਦੀ ਰੋਕਥਾਮ, ਨਜਾਇਜ਼ ਕਬਜ਼ੇ ਹਟਾਉਣ,ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਸ਼ਹਿਰ ਅਤੇ ਹਲਕੇ ਦੀ ਡਿਵੈਲਪਮੈਂਟ ਸਬੰਧੀ  ਲੰਮਾ ਸਮਾਂ ਵਿਚਾਰ ਚਰਚਾ ਕਰਕੇ ਇਹਨਾਂ ਮਸਲਿਆਂ ਦੇ ਸਾਰਥਿਕ ਹੱਲ ਲਈ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਨ ਸਬੰਧੀ ਅੱਜ ਆਪਣੇ ਗ੍ਰਹਿ ਪਿੰਡ ਸੰਧਵਾਂ ਵਿਖੇ ਡਿਪਟੀ ਕਮਿਸ਼ਰ ਸ੍ਰੀ ਵਿਨੀਤ ਕੁਮਾਰ, ਜਿਲਾ ਪੁਲਿਸ ਮੁਖੀ ਸ.ਹਰਜੀਤ ਸਿੰਘ, ਐਸ.ਡੀ.ਐਮ ਕੋਟਕਪੂਰਾ ਵੀਰਪਾਲ ਕੌਰ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਅਤੇ ਇਸ ਸਬੰਧੀ ਅਹਿਮ ਮੀਟਿੰਗ ਕੀਤੀ। ਉਨ੍ਹਾਂ ਦੱਸਿਆ  ਕਿ ਕੋਟਕਪੂਰਾ ਸ਼ਹਿਰ ਵਿੱਚ ਗਲੀਆਂ ਨੂੰ ਪੱਕੀਆਂ ਕਰਨ ਦਾ ਕੰਮ, ਪੀਣ ਵਾਲੇ ਪਾਣੀ ਅਤੇ ਸਫਾਈ ਦਾ ਪ੍ਰਬੰਧ ਕਰਨ ਵੱਲ ਉਹ ਉਚੇਚਾ ਧਿਆਨ ਦੇ ਰਹੇ ਹਨ। ਉਨ੍ਹਾਂ ਜਿਥੇ ਡਿਪਟੀ ਕਮਿਸ਼ਨਰ ਨੂੰ ਚਲ ਰਹੇ ਵਿਕਾਸ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕੀਤੇ। ਉਥੇ ਐਸ.ਐਸ ਪੀ ਹਰਜੀਤ ਸਿੰਘ ਨੂੰ ਵੱਧ ਰਹੇ ਨਸ਼ਿਆਂ ਸਬੰਧੀ ਆ ਰਹੀਆਂ ਸ਼ਿਕਾਇਤਾ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਹਾਲਾਤ ਵਿੱਚ ਨਸ਼ਾ ਵੇਚਣ ਵਾਲਿਆਂ ਅਤੇ ਖਰੀਦ ਕਰਨ ਵਾਲਿਆਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ। ਉਨ੍ਹਾਂ ਐਸ.ਐਸ.ਪੀ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਕਿ ਨਸ਼ਿਆਂ ਸਬੰਧੀ ਉਨ੍ਹਾਂ ਨੂੰ ਆਏ ਦਿਨ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਜਿਸ ਤੇ ਤੁਰੰਤ ਕਾਰਵਾਈ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਨਸ਼ੇ ਦਾ ਕਾਰੋਬਾਰ ਹੋਣ ਦਾ ਅੰਦੇਸ਼ਾ ਹੈ ਉਥੇ ਲਗਾਤਾਰ ਰੇਡਾਂ ਕੀਤੀਆਂ ਜਾਣ ਅਤੇ ਨਸ਼ੇ ਦੇ ਵਪਾਰੀਆਂ ਤੇ ਹਰ ਹਾਲਤ ਵਿੱਚ ਨਕੇਲ ਕੱਸੀ ਜਾਵੇ।  ਨੌਜਵਾਨਾਂ ਦਾ ਨਸ਼ੇ ਦੇ ਜਾਲ ਵਿੱਚ ਫਸਣ ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਦੀ ਨੈਤਿਕ ਜ਼ਿਮੇਵਾਰੀ ਵੀ ਬਣਦੀ ਹੈ ਕਿ ਨਸ਼ੇ ਦੇ ਵੱਧ ਰਹੇ ਪ੍ਰਕੋਪ ਨੂੰ ਹਰ ਹੀਲੇ ਠੱਲ ਪਾਉਣ।