ਕੋਟਕਪੂਰਾ  ’ਚ ਸਪੀਕਰ ਸੰਧਵਾਂ ਨੇ ਦੋ 11 ਕੇਵੀ ਸਬ-ਸਟੇਸ਼ਨਾਂ ਦਾ ਕੀਤਾ ਉਦਘਾਟਨ

ਕੋਟਕਪੂਰਾ ,1 ਜੁਲਾਈ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੂਰਾ ਦੇ ਵਾਸੀਆਂ ਨੂੰ ਹੁਣ ਬਿਜਲੀ ਕੱਟਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਨੀਵਾਰ ਨੂੰ ਅਮਨ ਨਗਰ ਅਤੇ ਗੁਰੂ ਤੇਗ ਬਹਾਦਰ ਨਗਰ ਵਿਖੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਦੇਣ ਲਈ ਬਣਾਏ ਗਏ ਦੋ 11 ਕੇਵੀ ਸਬ-ਸਟੇਸ਼ਨਾਂ ਦਾ ਉਦਘਾਟਨ ਕੀਤਾ। ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਮੰਗ ਵਧਣ ਕਾਰਨ ਦੇਵੀਵਾਲਾ ਰੋਡ ਸਥਿਤ 132 ਕੇ.ਵੀ ਸਬ-ਸਟੇਸ਼ਨ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਸੀ ਪਰ ਹੁਣ ਉਪਰੋਕਤ ਦੋਵੇਂ ਸਬ-ਸਟੇਸ਼ਨ ਚਾਲੂ ਹੋਣ ਨਾਲ ਲੋਕਾਂ ਨੂੰ ਬਿਜਲੀ ਕੱਟ ਤੋਂ ਰਾਹਤ ਮਿਲੇਗੀ, ਇਹ ਸਬ ਸਟੇਸ਼ਨ ਕੋਟਕਪੂਰਾ ਸ਼ਹਿਰ ਦੇ ਅਮਨ ਨਗਰ ਮੋਗਾ ਰੋਡ, ਨਾਨਕ ਨਗਰ, ਬਾਬਾ ਜੋਧ ਸ਼ਹੀਦ ਰੋਡ, ਗੁਰੂ ਤੇਗ ਬਹਾਦਰ ਨਗਰ, ਜੈਤੋ ਰੋਡ, ਗੁਰੂ ਅਮਰਦਾਸ ਜੀ ਨਗਰ, ਡੇਰਾ ਫਾਰਮ ਵਾਲਾ ਅਤੇ ਪਟਵਾਰੀਆ ਮੁਹੱਲਾ ਆਦਿ ਦੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਨਗੇ। ਇਨ੍ਹਾਂ ਫੀਡਰਾਂ ਦੀ ਉਸਾਰੀ ’ਤੇ ਕਰੀਬ 35.95 ਲੱਖ ਰੁਪਏ ਖਰਚ ਕੀਤੇ ਗਏ ਹਨ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਇਸ ਤਹਿਤ ਲੋਕਾਂ ਦੀ ਜੋ ਵੀ ਮੰਗ ਹੈ, ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਮਨਦੀਪ ਸਿੰਘ ਮੌਂਗਾ, ਪੀ.ਐਸ.ਪੀ.ਸੀ.ਐਲ ਡਵੀਜ਼ਨ ਫਰੀਦਕੋਟ ਨਿਗਰਾਨ ਇੰਜੀਨੀਅਰ ਸੰਦੀਪ ਗਰਗ, ਜਗਤਾਰ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।