ਸਪੀਕਰ ਸੰਧਵਾਂ ਨੇ ਡੀ.ਸੀ. ਫਰੀਦਕੋਟ ਦੇ ਨਿਵੇਕਲੇ ਉਪਰਾਲੇ ਦੀ ਕੀਤੀ ਸ਼ਲਾਘਾ

  • ਜਿਲ੍ਹੇ ਦੇ 296 ਸਰਕਾਰੀ ਸਕੂਲਾਂ ਵਿੱਚ ਚੱਲ ਰਹੀਆਂ ਹਨ ਰੀਮੀਡੀਅਲ ਕੋਚਿੰਗ ਕਲਾਸਾਂ
  • ਕਮਜੋਰ ਬੱਚਿਆਂ ਨੂੰ ਛੁੱਟੀ ਤੋਂ ਉਪਰੰਤ ਦਿੱਤੇ ਜਾ ਰਹੇ ਹਨ ਹੁਸ਼ਿਆਰੀ ਦੇ ਗੁਰ

ਫਰੀਦਕੋਟ 23 ਅਕਤੂਬਰ : ਡੀ.ਸੀ ਫਰੀਦਕੋਟ ਦੀ ਖਾਸ ਨਿਗਰਾਨੀ ਹੇਠ ਚਲਾਏ ਜਾ ਰਹੇ ਫਰੀਦਕੋਟ ਜਿਲ੍ਹੇ ਦੀ ਨਿਵੇਕਲੀ ਪਹਿਲਕਦਮੀ ਰੀਮੀਡੀਅਲ ਕਲਾਸਿਜ਼ ਜਿਸ ਤਹਿਤ ਕਮਜੋਰ ਬੱਚਿਆਂ ਨੂੰ ਛੁੱਟੀ ਉਪਰੰਤ ਪੜ੍ਹਾਈ ਦੇ ਖਾਸ ਗੁਰ ਦਿੱਤੇ ਜਾਂਦੇ ਹਨ, ਦੀ ਅੱਜ ਸਪੀਕਰ ਪੰਜਾਬ ਵਿਧਾਨ ਸਭਾ  ਸ. ਕੁਲਤਾਰ ਸਿੰਘ ਸੰਧਵਾਂ ਨੇ ਉਚੇਚੇ ਤੌਰ ਤੇ ਸ਼ਲਾਘਾ ਕੀਤੀ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕ ਚੱਕਰ ਮੀਟਿੰਗ ਹਾਲ ਵਿਖੇ ਫਰੀਦਕੋਟ ਸਿਹਤ ਵਿਭਾਗ ਦੀ ਇੱਕ ਹੋਰ ਨਿਵੇਕਲੀ ਪਹਿਲਕਦਮੀ ਸੁਜਾਤਾ ਐਪ ਦੇ ਉਦਘਾਟਨ ਉਪਰੰਤ ਸਪੀਕਰ ਸੰਧਵਾਂ ਨੇ ਕਿਹਾ ਕਿ ਅਜਿਹੇ ਪ੍ਰੋਜੈਕਟ ਸੂਬੇ ਦੇ ਹੋਰ ਸਰਕਾਰੀ ਸਕੂਲਾਂ ਵਿੱਚ ਵੀ ਚਲਾਏ ਜਾਣੇ ਚਾਹੀਦੇ ਹਨ। ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਜਿਲ੍ਹੇ ਦੇ 296 ਸਰਕਾਰੀ ਸਕੂਲਾਂ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਚਲਾਏ ਜਾ ਰਹੇ ਇੰਨਾ ਸਕੂਲਾਂ ਦੀ ਕਾਰਗੁਜ਼ਾਰੀ ਰਿਪੋਰਟ ਅੱਜ ਸਪੀਕਰ ਸੰਧਵਾਂ ਤੋਂ ਇਲਾਵਾ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਅਤੇ ਐਮ.ਐਲ.ਏ ਜੈਤੋ ਸ. ਅਮੋਲਕ ਸਿੰਘ ਦੀ ਹਾਜ਼ਰੀ ਵਿੱਚ ਸਲਾਈਡ ਸ਼ੋਅ ਰਾਹੀਂ ਦਰਸਾਈ ਗਈ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਜਿਲ੍ਹੇ ਦੇ 87 ਸੈਕੰਡਰੀ ਸਕੂਲ ਅਤੇ 209 ਪ੍ਰਾਇਮਰੀ ਸਕੂਲ ਸ਼ਾਮਲ ਹਨ, ਜਿੰਨਾ ਵਿੱਚ ਕੁੱਲ 432 ਵਲੰਟੀਅਰਾਂ ਵੱਲੋਂ ਇੰਨਾ ਸਕੂਲਾਂ ਦੇ 8035 ਬੱਚਿਆਂ ਨੂੰ ਛੁੱਟੀ ਤੋਂ ਉਪਰੰਤ ਤਕਰੀਬਨ 2 ਘੰਟੇ, ਤੀਸਰੀ, ਚੌਥੀ, ਪੰਜਵੀਂ ਅਤੇ ਨੌਵੀਂ, ਦੱਸਵੀਂ ਜਮਾਤਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਇੰਨਾ ਕਲਾਸਾਂ ਦਾ ਮੁੱਖ ਮੰਤਵ ਉਨ੍ਹਾਂ ਬੱਚਿਆ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਹੈ, ਜੋ ਹੁਸ਼ਿਆਰ ਬੱਚਿਆਂ ਨਾਲੋਂ ਘੱਟ ਅੰਕ ਪ੍ਰਾਪਤ ਕਰਦੇ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਬਤੌਰ ਡੀ.ਸੀ. ਵਜੋਂ ਸੇਵਾਵਾ ਨਿਭਾਉਣ ਵੇਲੇ  ਅਜਿਹੀਆਂ ਕਲਾਸਾਂ ਸ਼ੁਰੂ ਕਰਵਾਈਆਂ ਗਈਆਂ ਸਨ, ਜਿੰਨਾ ਦੇ ਨਤੀਜੇ ਬਹੁਤ ਵਧੀਆ ਰਹੇ ਸਨ। ਸਪੀਕਰ ਪੰਜਾਬ ਵਿਧਾਨ ਸਭਾ ਨੇ ਡਿਪਟੀ ਕਮਿਸ਼ਨਰ ਦੇ ਇਸ ਖਾਸ ਉਪਰਾਲੇ ਵਿੱਚ ਦਿਲਚਸਪੀ ਜ਼ਾਹਿਰ ਕਰਦਿਆਂ ਇਸ ਸਕੀਮ ਸਬੰਧੀ ਜੁੜੇ ਪਹਿਲੂਆਂ ਬਾਰੇ ਬਾਰੀਕੀ ਨਾਲ ਜਾਣਕਾਰੀ ਇੱਕਤਰ ਕੀਤੀ ਅਤੇ ਇਸ ਨੂੰ ਹੋਰਨਾਂ ਜਿਲ੍ਹਿਆਂ ਵਿੱਚ ਵੀ ਚਲਾਉਣ ਤੇ ਜ਼ੋਰ ਦਿੱਤਾ। ਇਸ ਸਕੀਮ ਸਬੰਧੀ ਸਪੀਕਰ ਵਿਧਾਨ ਸਭਾ ਵੱਲੋਂ ਕੀਤੇ ਗਏ ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਡੀ.ਸੀ. ਫਰੀਦਕੋਟ ਨੇ ਉਨ੍ਹਾਂ ਨੂੰ ਦੱਸਿਆ ਕਿ ਜੋ ਬੱਚੇ ਰੀਮੀਡੀਅਲ ਕਲਾਸਾਂ ਲਗਾ ਰਹੇ ਹਨ, ਉਨ੍ਹਾਂ ਦੇ ਮਾਪਿਆਂ ਨਾਲ ਵੀ ਸਮੇਂ ਸਮੇਂ ਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਤਾਂ ਜੋ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਵੀ ਅਮਲ ਵਿੱਚ ਲਿਆਂਦਾ ਜਾ ਸਕੇ।