ਛੋਟੇ ਕਿਸਾਨਾਂ ਨੂੰ ਡੇਅਰੀ ਦੇ ਕਿੱਤੇ ਨਾਲ ਜੋੜਿਆ ਜਾਵੇਗਾ : ਗੁਰਮੀਤ ਸਿੰਘ ਖੁੱਡੀਆਂ

  • ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਕਰਵਾਇਆ ਗਿਆ ਰਾਜ ਪੱਧਰੀ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ, 26 ਨਵੰਬਰ : ਪੰਜਾਬ ਦੇ ਖੇਤੀਬਾੜੀ ਅਤੇ ਡੇਅਰੀ ਵਿਕਾਸ ਮੰਤਰੀ ਸ: ਗੁਰਮੀਤ ਸਿੰਘ ਖੂੱਡੀਆਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਛੋਟੇ ਕਿਸਾਨਾਂ ਅਤੇ ਬੇਜਮੀਨੇ ਮਜਦੂਰਾਂ ਨੂੰ ਪਸੂ਼ ਪਾਲਣ ਦੇ ਕਿੱਤੇ ਨਾਲ ਜੋੜਨ ਦੇ ਵਿਸੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਅਜਿਹੇ ਪਰਿਵਾਰਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾ ਸਕੇ। ਉਹ ਅੱਜ ਇੱਥੇ ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਰਾਸ਼ਟਰੀ ਦੁੱਧ ਦਿਵਸ ਮੌਕੇ ਨਰੋਏ ਸਮਾਜ ਦੀ ਸਿਰਜਣਾ ਲਈ ਦੁੱਧ ਦਾ ਮਹੱਤਵ ਵਿਸ਼ੇ ਤੇ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿਚ ਪਸ਼ੂਧੰਨ ਦੇ ਪਸਾਰ ਲਈ ਸਿਖਲਾਈ ਦੇਣ ਦੇ ਨਾਲ ਨਾਲ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਸਬਸਿਡੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਖੇਤੀ ਵਿਚ ਆਮਦਨ ਵਾਧੇ ਵਿਚ ਉਚੱਤਮ ਪੱਧਰ ਦੀ ਪ੍ਰਾਪਤੀ ਹੋ ਜਾਣ ਤੋਂ ਬਾਅਦ ਕਿਸਾਨ ਪਸ਼ੂਧੰਨ ਰਾਹੀਂ ਹੀ ਹੋਰ ਆਮਦਨ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਰਾਜ ਸਰਕਾਰ 9 ਸਿਖਲਾਈ ਕੇਂਦਰਾਂ ਰਾਹੀਂ ਕਿਸਾਨਾਂ ਨੂੰ ਡੇਅਰੀ ਦੀ ਸਿਖਲਾਈ ਦੇ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿੱਛਲੇ ਇਕ ਸਾਲ ਵਿਚ 6000 ਤੋਂ ਵੱਧ ਨੌਜਵਾਨਾਂ ਨੂੰ ਡੇਅਰੀ ਦੇ ਕਿੱਤੇ ਦੀ ਸਿਖਲਾਈ ਦਿੱਤੀ ਗਈ ਹੈ ਜਦ ਕਿ 3200 ਤੋਂ ਜਿਆਦਾ ਯੁਨਿਟ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਪ੍ਰਤੀ ਜੀਅ ਪ੍ਰਤੀ ਦਿਨ ਦੁੱਧ ਦੀ ਉਪਲਬੱਧਤਾ 1221 ਗ੍ਰਾਮ ਹੈ ਜੋ ਦੇਸ਼ ਭਰ ਵਿਚੋਂ ਸਭ ਤੋਂ ਵੱਧ ਹੈ।ਉਨ੍ਹਾਂ ਨੇ ਦੇਸ਼ ਵਿਚ ਦੁੱਧ ਕ੍ਰਾਂਤੀ ਦੇ ਜਨਕ ਸ੍ਰੀ ਵਰਗਿਸ ਕੁਰੀਅਨ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕੀਤਾ। ਡੇਅਰੀ ਫਾਰਮਿੰਗ, ਡੇਅਰੀ ਇੰਡਸਟਰੀ ਅਤੇ ਡੇਅਰੀ ਵਿਗਿਆਨ ਨਾਲ ਜੁੜੇ ਲੋਕ ਇਸ ਦਿਨ ਨਾਗਰਿਕਾਂ, ਖਪਤਕਾਰਾਂ ਨਾਲ ਸੈਮੀਨਾਰਾਂ, ਗਿਆਨ ਗੋਸ਼ਟੀਆਂ ਰਾਹੀਂ ਦੁੱਧ ਦੀ ਮਹੱਤਤਾ ਅਤੇ ਮਨੁੱਖੀ ਸਿਹਤ ਲਈ ਇਸ ਦੀ ਜਰੂਰਤ ਬਾਰੇ ਗਿਆਨ ਦਾ ਪ੍ਰਸਾਰ ਕਰਦੇ ਹਨ। ਪੰਜਾਬ ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਕਈ ਸਾਲ ਤੋਂ ਪੰਜਾਬ ਵਿੱਚ ਰਾਜ ਪੱਧਰੀ ਸੈਮੀਨਾਰ ਕਰਕੇ ਰਾਸ਼ਟਰੀ ਦੁੱਧ ਦਿਵਸ ਮਨਾਉਂਦਾ ਹੈ। ਵਿਭਾਗ ਵੱਲੋਂ ਨਰੋਏ ਸਮਾਜ ਦੀ ਸਿਰਜਨਾ ਵਿੱਚ ਦੁੱਧ ਦਾ ਮਹੱਤਵ ਵਿਸ਼ੇ ਤੇ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਤੋਂ ਇੱਕ ਲੇਖ ਮੁਕਾਬਲਾ ਕਰਵਾਇਆ ਗਿਆ। ਜਿਸ ਤੇ ਜਿਲਾ ਪੱਧਰੀ ਇਨਾਮ ਜੇਤੂ ਬੱਚਿਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਕ੍ਰਮਵਾਰ 3000/, 2000/ ਅਤੇ 1000/— ਰੁਪਏ ਦੇ ਨਕਦ ਇਨਾਮ  ਤੋਂ ਇਲਾਵਾ ਮੌਮੈਂਟੋ ਅਤੇ ਸਰਟੀਫਿਕੇਟ ਵੀ ਦਿੱਤੇ ਗਏ। ਇਸ ਸੈਮੀਨਾਰ ਵਿੱਚ ਸ਼੍ਰੀ ਸ਼ੇਰਵੀਰ ਸਿੰਘ, ਚੇਅਰਮੈਨ ਮਿਲਕਫੈਡ ਫਰੀਦਕੋਟ ਵੱਲੋ ਵੀ ਭਾਗ ਲਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਵੱਲੋ ਨਿਰਦੇਸ਼ ਦਿੱਤੇ ਗਏ ਕਿ  ਇਸ ਤਰ੍ਹਾ ਦੇ ਸੈਮੀਨਾਰ ਪੰਜਾਬ ਦੇ ਹਰ ਜਿਲ੍ਹੇ ਵਿੱਚ ਕੀਤੇ ਜਾਣ ਤਾ ਜੋ ਬੇਰੋਜਗਾਰ ਨੌਜਵਾਨਾ ਨੂੰ ਡੇਅਰੀ ਦਾ ਕਿੱਤਾ ਕਰਨ ਲਈ ਪ੍ਰੋਹਿਤਸਾਹੀ ਕੀਤਾ ਜਾ ਸਕੇ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਰਾਜ ਦੀ ਖੁਸ਼ਹਾਲੀ ਲਈ ਇਹ ਜਰੂਰੀ ਹੈ ਕਿ ਹਰ ਘਰ ਵਿੱਚ ਲੋਕ ਛੋਟੇ ਪੱਧਰ ਤੇ ਡੇਅਰੀ ਦਾ ਕਿੱਤਾ ਅਪਨਾਉਣ ਅਤੇ ਇਸ ਕਿੱਤੇ ਨੂੰ ਕਰਨ ਵਿੱਚ ਔਰਤਾ ਦੀ ਭੂਮਿਕਾ ਵੱਧ ਹੋਵੇ ਤਾ ਜੋ ਹਰ ਘਰ ਵਿੱਚ ਇਸ ਕਿੱਤੇ ਨੂੰ ਅਪਨਾ ਕੇ  ਖੁਸ਼ਹਾਲ ਕੀਤਾ ਜਾ ਸਕੇ। ਉਨ੍ਹਾਂ ਵੱਲੋਂ ਬਕਰੀ ਪਾਲਣ ਅਤੇ ਸੂਰ ਪਾਲਣ ਦਾ ਕਿੱਤਾ ਅਪਨਾਉਣ ਤੇ ਵੀ ਜੋਰ ਦਿੱਤਾ ਗਿਆ ਅਤੇ ਪੰਜਾਬ ਵਿੱਚ ਵੱਧ ਤੋ ਵੱਧ ਪਸ਼ੂ ਧੰਨ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਇਸ ਸੈਮੀਨਾਰ ਵਿੱਚ ਵਿਭਾਗੀ ਵਿਸ਼ੇ ਮਾਹਿਰ ਤੋ ਇਲਾਵਾ ਗੁਰੂ ਅੰਗਦ ਦੇਵ ਐਨੀਮਲ ਸਾਇੰਸ ਯੂਨਿਵਰਸਿਟੀ ਤੋ ਡਾ. ਵਰਿੰਦਰ ਪਾਲ ਸਿੰਘ, ਸਹਾਇਕ ਪ੍ਰੋਫੈਸਰ ਪਸ਼ੂ ਧੰਨ  ਅਰਥ ਚਾਰੇ ਅਤੇ ਡਾਂ ਗਜਾਨੰਦ ਪੀ ਦੇਸ਼ਮੁੱਖ ਸਹਾਇਕ ਪ੍ਰੋਫੈਸਰ ਡੇਅਰੀ ਇੰਜੀਨਰਿੰਗ ਵੱਲੋਂ ਸਾਫ ਦੱਧ ਸਬੰਧੀ ਬੱਚਿਆ ਨੂੰ ਜਾਣਕਾਰੀ ਦਿੱਤੀ। ਸੈਮੀਨਾਰ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਵੱਲੋਂ ਦੁੱਧ ਅਤੇ ਦੁੱਧ ਦੀ ਬਣਤਰ, ਦੁੱਧ ਤੱਤਾਂ ਦਾ ਮਨੁੱਖੀ ਸਿਹਤ ਤੇ ਪ੍ਰਭਾਵ, ਦੁੱਧ ਤੱਤਾਂ ਦੀ ਖੁਰਾਕ ਵਿੱਚ ਲੋੜ ਅਤੇ ਦੁੱਧ ਇੱਕ ਸੰਪੂਰਨ ਭੋਜਨ ਹੈ ਵਿਸ਼ਿਆਂ ਤੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਗਰੂਕ ਕੀਤਾ। ਸੈਮੀਨਾਰ ਦੇ ਅੰਤ ਵਿੱਚ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼੍ਰੀ ਕੁਲਦੀਪ ਸਿੰਘ ਜੱਸੋਵਾਲੀ ਨੇ ਮੁੱਖ ਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ, ਦੁੱਧ ਉਤਪਾਦਕਾਂ ਦਾ, ਵਿਗਿਆਨੀਆਂ ਅਤੇ ਪ੍ਰੈਸ ਮੀਡੀਆਂ ਤੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਇਹ ਉਪਰਾਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਵੱਲੋਂ ਦੁੱਧ ਉਤਪਾਦਕਾਂ ਅਤੇ ਹੋਰ ਉੱਦਮੀਆਂ ਨੂੰ ਉਤਸਾਹਿਤ ਕੀਤਾ ਕਿ ਅਜਿਹੇ ਸੈਮੀਨਾਰ ਸ਼ਹਿਰਾਂ ਅਤੇ ਕਸਬਿਆਂ ਵਿੱਚ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ, ਤਾਂ ਜੋ ਦੁੱਧ ਅਤੇ ਦੁੱਧ ਪਦਾਰਥਾਂ ਸਬੰਧੀ ਜਾਣਕਾਰੀ ਲੈ ਕੇ ਤੰਦਰੁਸਤ ਸ਼ਰੀਰ, ਤੰਦਰੁਸਤ ਦਿਮਾਗ ਅਤੇ ਤੰਦਰੁਸਤ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ। ਇਸ ਮੌਕੇ ਵਿਭਾਗ ਦੇ ਜੁਆਇਟ ਡਾਇਰੈਕਟਰ ਕਸ਼ਮੀਰ ਸਿੰਘ, ਡਿਪਟੀ ਡਾਇਰੈਕਟਰ ਨਿਰਵੈਰ ਸਿੰਘ, ਰਣਦੀਪ ਹਾਂਡਾ, ਬੀਐਸ ਗਿੱਲ, ਸਾਬਕਾ ਡਾਇਰੈਕਟਰ ਕਰਨੈਲ ਸਿੰਘ, ਆਪ ਆਗੂ ਸਿ਼ਵਰਾਜ ਸਿੰਘ, ਅਜਮੇਰ ਸਿੰਘ, ਕਰਨਵੀਰ ਸਿੰਘ ਆਦਿ ਵੀ ਹਾਜਰ ਸਨ।