ਹੁਨਰ ਵਿਕਾਸ ਮਿਸ਼ਨ: ਪਿੰਡ ਭੈਣੀ ਮਹਿਰਾਜ ਵਿੱਚ ਸਕੀਮਾਂ ਬਾਰੇ ਦਿੱਤੀ ਜਾਣਕਾਰੀ

  • ਬੇਰੋਜ਼ਗਾਰ ਨੌਜਵਾਨਾਂ ਨੂੰ ਮੁਹਈਆ ਕਰਵਾਇਆ ਜਾ ਰਿਹੈ ਰੋਜ਼ਗਾਰ: ਮਿਸ਼ਨ ਮੈਨੇਜਰ

ਬਰਨਾਲਾ, 23 ਅਗਸਤ : ਜ਼ਿਲ੍ਹਾ ਰੋਜ਼ਗਾਰ ਦਫ਼ਤਰ ਬਰਨਾਲਾ ਅਧੀਨ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਦੇ ਪੜ੍ਹਾਈ ਛੱਡ ਚੁੱਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਵਾਸਤੇ ਹੁਨਰ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤਹਿਤ ਪਿੰਡ ਭੈਣੀ ਮਹਿਰਾਜ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ ਦੱਸਿਆ ਗਿਆ ਕਿ ਹੁਨਰ ਵਿਕਾਸ ਮਿਸ਼ਨ ਅਧੀਨ 3 ਮਹੀਨੇ ਤੋਂ 6 ਮਹੀਨੇ ਤਕ ਦੇ ਕੋਰਸ ਕਰਵਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਲਈ ਉਮਰ ਸੀਮਾ 16 ਤੋਂ 35 ਸਾਲ (ਵਿਸ਼ੇਸ਼ ਕੇਸ ਵਿੱਚ 45 ਸਾਲ ਤਕ ) ਹੈ ਅਤੇ ਘੱਟੋ ਘੱਟ ਵਿੱਦਿਅਕ ਯੋਗਤਾ ਪੰਜਵੀਂ ਪਾਸ ਹੈ। ਇਨ੍ਹਾਂ ਕੋਰਸਾਂ ਲਈ ਮੁੰਡੇ - ਕੁੜੀਆਂ ਦੋਵੇਂ ਭਾਗ ਲਈ ਸਕਦੇ ਹਨ। ਟ੍ਰੇਨਿੰਗ ਦੌਰਾਨ  ਰਹਿਣਾ, ਖਾਣਾ-ਪੀਣਾ, ਵਰਦੀ ਆਦਿ ਮੁਫ਼ਤ ਹੈ ਤੇ ਆਉਣ - ਜਾਣ ਦਾ ਕਿਰਾਇਆ ਦਿੱਤਾ ਜਾਂਦਾ ਹੈ। ਇਸ ਮੌਕੇ ਮਿਸ਼ਨ ਮੈਨੇਜਰ ਸ੍ਰੀ ਕਵਲਦੀਪ ਵਰਮਾ ਦੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਲਈ ਵੱਖ ਵੱਖ ਸਕੀਮਾਂ ਹਨ, ਜਿਸ ਤਹਿਤ ਹੁਣ ਤਕ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਹੁਨਰ ਵਿਕਾਸ ਮਿਸ਼ਨ ਦੀ ਟੀਮ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਮੋਬਲਾਇਜੇਸ਼ਨ ਮੈਨੇਜਰ ਮੈਡਮ ਰੇਨੂੰ ਬਾਲਾ ਤੇ ਐਮਜੀਐਨਐਫ ਮਿਸ ਨੇਹਾ ਵੀ ਹਾਜ਼ਰ ਸਨ।