ਬਠਿੰਡਾ ‘ਚ ਐਸੋਸੀਏਸ਼ਨ ਦੇ ਪ੍ਰਧਾਨ ਜੌਹਲ ਕਤਲ ਦੇ ਵਿਰੋਧ ਵਿੱਚ ਬਾਜ਼ਾਰ ਬੰਦ ਕਰਕੇ ਧਰਨੇ ‘ਤੇ ਬੈਠੇ ਦੁਕਾਨਦਾਰ

ਬਠਿੰਡਾ, 29 ਅਕਤੂਬਰ : ਬਠਿੰਡਾ ਵਿੱਚ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਮੇਲਾ ਦੇ ਕਤਲ ਦੇ ਵਿਰੋਧ ਵਿੱਚ ਦੁਕਾਨਦਾਰਾਂ ਬਾਜ਼ਾਰ ਬੰਦ ਕਰਕੇ ਧਰਨੇ ‘ਤੇ ਬੈਠ ਗਏ ਹਨ। ਜਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ 5.30 ਵਜੇ ਬਾਈਕ ਸਵਾਰ ਬਦਮਾਸ਼ਾਂ ਨੇ ਮੇਲਾ ਨੂੰ ਗੋਲੀ ਮਾਰ ਦਿੱਤੀ ਸੀ। ਬਠਿੰਡਾ ਦੇ ਸਭ ਤੋਂ ਵੱਡੇ ਅਤੇ ਪੌਸ਼ ਵਪਾਰਕ ਖੇਤਰ ਮਾਲ ਰੋਡ ‘ਤੇ ਸਥਿਤ ਮਸ਼ਹੂਰ ਹਰਮਨ ਰੈਸਟੋਰੈਂਟ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੀ ਸ਼ਨਿਚਰਵਾਰ ਸ਼ਾਮ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਾਈਕ ‘ਤੇ ਆਏ ਦੋ ਬਦਮਾਸ਼ਾਂ ਨੇ ਉਸ ਨੂੰ 5 ਗੋਲੀਆਂ ਮਾਰ ਦਿੱਤੀਆਂ ਸਨ। ਦੁਕਾਨਦਾਰਾਂ ਨੇ ਸਰਕਾਰ ਅਤੇ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਵਪਾਰ ਮੰਡਲ ਵੱਲੋਂ ਅੱਜ ਬਠਿੰਡਾ ਬੰਦ ਦਾ ਸੱਦਾ ਦਿੱਤਾ ਗਿਆ ਹੈ। ਵਪਾਰ ਮੰਡਲ ਵੱਲੋਂ ਅਨਾਊਸਮੈਂਟ ਕਰਵਾਈ ਗਈ ਕਿ ਅੱਜ ਕੋਈ ਵੀ ਵਪਾਰੀ ਜਾਂ ਦੁਕਾਨਦਾਰ ਆਪਣੀ ਦੁਕਾਨ ਨਹੀਂ ਖੋਲ੍ਹੇਗਾ ਅਤੇ ਇਨਸਾਫ਼ ਲਈ ਧਰਨੇ ‘ਤੇ ਪਹੁੰਚੇਗਾ। ਦੱਸ ਦਈਏ ਕਿ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਮੇਲਾ ਦੇ ਕਤਲ ਤੋਂ ਨਾਰਾਜ਼ ਵਪਾਰੀ ਮੰਗ ਕਰ ਰਹੇ ਹਨ ਕਿ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।