ਦਿਵਿਆਂਗਜਨ ਵੋਟਰਾਂ ਦੀਆਂ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ''ਸ਼ਕਸ਼ਮ ਈ.ਸੀ.ਆਈ.'' ਐਪ ਲਾਹੇਵੰਦ

  • ਐਪ ਜਰੀਏ ਵੋਟ ਰਜਿਸਟ੍ਰੇਸ਼ਨ ਤੋਂ ਲੈ ਕੇ ਵੋਟ ਪਵਾਉਣ ਲਈ ਘਰੋਂ ਲਿਜਾਣ ਅਤੇ ਛੱਡਣ ਦੀ ਸਹੂਲਤ ਹੋਵੇਗੀ ਮੁਹੱਈਆ-ਜ਼ਿਲ੍ਹਾ ਚੋਣ ਅਫ਼ਸਰ

ਮੋਗਾ, 25 ਜੁਲਾਈ : ਭਾਰਤ ਚੋਣ ਕਮਿਸ਼ਨ ਵੱਲੋਂ ਦਿਵਿਆਂਗ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਵਿੱਚ ਆਉਂਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਪੀ.ਡਬਲਯੂ.ਡੀ. ਐਪ ਬਣਾਇਆ ਗਿਆ ਸੀ ਜਿਸ ਜਰੀਏ ਦਿਵਿਆਂਗਜਨ ਘਰ ਬੈਠੇ ਹੀ ਵੋਟਾਂ ਨਾਲ ਸਬੰਧਤ ਸੇਵਾਵਾਂ ਪ੍ਰਾਪਤ ਕਰ ਸਕਦੇ ਸਨ। ਚੋਣ ਕਮਿਸ਼ਨ ਵੱਲੋਂ ਹੁਣ ਇਸ ਐਪ ਵਿੱਚ ਹੋਰ ਸੇਵਾਵਾਂ ਸ਼ਾਮਿਲ ਕਰਕੇ ਇਸਦੇ ਨਾਮ ਨੂੰ ''ਸ਼ਕਸ਼ਮ ਈ.ਸੀ.ਆਈ.'' ਐਪ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਦੇ ਵੱਧ ਤੋਂ ਵੱਧ ਦਿਵਿਆਂਗਜਨ ਵਿਅਕਤੀ ''ਸ਼ਕਸ਼ਮ ਈ.ਸੀ.ਆਈ.'' ਐਪ ਨੂੰ ਆਪਣੇ ਮੋਬਾਇਲ ਫੋਨ ਉੱਪਰ ਡਾਊਨਲੋਡ ਕਰਕੇ ਲੋੜੀਂਦੀਆਂ ਸਹੂਲਤਾਂ ਲੈਣ ਨੂੰ ਯਕੀਨੀ ਬਣਾਉਣ। ''ਸ਼ਕਸ਼ਮ ਈ.ਸੀ.ਆਈ.''  ਐਪ ਨੂੰ ਪੀ.ਡਬਲਯੂ.ਡੀ. ਐਪ ਨਾਲੋਂ ਹੋਰ ਵਧੇਰੇ ਉਪਭੋਗਤਾ ਦੇ ਅਨੁਕਲੂ ਬਣਾਉਣ ਤੋਂ ਇਲਾਵਾ ਇਸਦੇ ਡਿਜਾਇਨ, ਲੇਅਆਊਟ ਆਦਿ ਦੀਆਂ ਵਿਸ਼ੇਸ਼ਤਾਵਾਂ ਵਿੱਚ ਕਾਫ਼ੀ ਸੁਧਾਰ ਕੀਤਾ ਗਿਆ ਹੈ। ਦਿਵਿਆਂਗਜਨ ਵੋਟਰ ਆਪਣੀ ਵੋਟਰ ਰਜਿਸਟ੍ਰੇਸ਼ਨ ਤੋਂ ਸ਼ੁਰੂ ਹੋ ਕੇ ਚੋਣਾਂ ਵਾਲੇ ਦਿਨ ਪਿਕ ਐਂਡ ਡ੍ਰੋਪ ਦੀ ਸਹੂਲਤ ਇਸ ਐਪ ਨੂੰ ਵਰਤੋਂ ਵਿੱਚ ਲਿਆ ਕੇ ਲੈ ਕੇ ਸਕਦੇ ਹਨ ਕਿਉਂਕਿ ਇਹ ਐਪ ਦਿਵਿਆਂਗਜਨਾਂ ਦੀਆਂ ਸਾਰੀਆਂ ਜਰੂਰਤਾਂ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਐਪ ਵਿੱਚ ਨਵੇਂ ਵੋਟਰ ਰਜਿਸਟ੍ਰੇਸ਼ਨ, ਦਿਵਿਆਂਗਜਨ ਵਜੋਂ ਮਾਰਕ ਹੋਣ, ਵੋਟ ਟ੍ਰਾਂਸਫਰ, ਵੋਟਰ ਵਿੱਚ ਸੁਧਾਰ, ਵੋਟ ਹਟਾਉਣ, ਆਧਾਰ ਕਾਰਡ ਨੂੰ ਪ੍ਰਮਾਣ ਕਰਨ , ਵੋਟਾਂ ਵਾਲੇ ਦਿਨ ਵੀਲ੍ਹ ਚੇਅਰ ਦੀ ਸੁਵਿਧਾ ਲੈਣ, ਪਿੱਕ ਐਂਡ ਡਰਾਪ, ਵੋਟਰ ਸੂਚੀ ਵਿੱਚ ਨਾਮ ਖੋਜਣ ਲਈ, ਪੋਲਿੰਗ ਸਟੇਸ਼ਨ ਨੂੰ ਜਾਣਨ, ਕੋਈ ਸ਼ਿਕਾਇਤ ਦਰਜ ਕਰਵਾਉਣ ਆਦਿ ਸਹੂਲਤਾਂ ਲੈਣ ਲਈ ਆਪਸ਼ਨਜ਼ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਐਪ ਵਿੱਚ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜੁਆਬਾਂ ਤੋਂ ਇਲਾਵਾ ਕੁਝ ਹੋਰ ਮਹੱਤਵਪੂਰਨ ਆਡੀਓ ਅਤੇ ਵੀਡੀਓ ਨੂੰ ਵੀ ਉਪਭੋਗਤਾ ਦੀ ਸਹੂਲਤ ਲਈ ਅਪਲੋਡ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਵੋਟਾਂ ਵਿੱਚ ਦਿਵਿਆਂਗਜਨਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ ਤਾਂ ਕਿ ਉਹ ਵੀ ਬਿਨ੍ਹਾਂ ਕਿਸੇ ਮੁਸ਼ਕਿਲ ਤੋਂ ਦੇਸ਼ ਦੇ ਮਜ਼ਬੂਤ ਲੋਕਤੰਤਰ ਵਿੱਚ ਆਪਣੀ ਹਿੱਸੇਦਾਰੀ ਦੇ ਸਕਣ। ਉਨ੍ਹਾ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਯੋਗ ਦਿਵਿਆਂਜਨਾਂ ਨੇ ਆਪਣੀ ਵੋਟ ਨਹੀਂ ਬਣਾਈ ਉਹ ਆਪਣੀ ਵੋਟ ਇਸ ਐਪ ਰਾਹੀਂ ਜਾਂ ਬੀ.ਐਲ.ਓ.ਜ਼ ਰਾਹੀਂ ਜਾਂ ਆਨਲਾਈਨ ਵੈਬਸਾਈਟ ਰਾਹੀਂ ਜਰੂਰੀ ਤੌਰ 'ਤੇ ਬਣਵਾ ਲੈਣ।