ਐਸ.ਜੀ.ਪੀ.ਸੀ. ਚੋਣਾਂ ਸਬੰਧੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਦੀ ਸਮੀਖਿਆ ਲਈ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਪਿੰਡਾਂ ਦਾ ਦੌਰਾ

  • ਕਿਹਾ! ਯੋਗ ਵੋਟਰ ਆਪਣੀ ਵੋਟ ਬਣਾਉਣ ਲਈ ਆਉਣ ਅੱਗੇ

ਮੁੱਲਾਂਪੁਰ ਦਾਖਾ, 11 ਜਨਵਰੀ (ਸਤਵਿੰਦਰ ਸਿੰਘ ਗਿੱਲ) :  ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ, ਆਗਾਮੀ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਚੋਣਾਂ ਸਬੰਧੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜ਼ਿਲ੍ਹੇ ਦੇ ਪਿੰਡਾਂ ਦਾਖਾ, ਢੱਟ, ਰਕਬਾ ਅਤੇ ਕੈਲਪੁਰ ਦਾ ਦੌਰਾ ਕਰਦਿਆਂ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੋਟਾਂ ਬਣਾਉਣ ਲਈ ਅੱਗੇ ਆਉਣ। ਉਨ੍ਹਾਂ ਸਮੂਹ ਸੁਪਰਵਾਈਜਰਾਂ ਅਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ) ਨੂੰ ਹਦਾਇਤ ਕੀਤੀ ਕਿ ਯੋਗ ਵੋਟਰਾਂ ਦੀ ਵੋਟ ਬਣਾਉਣ ਵਿੱਚ ਹਰ ਸੰਭਵ ਸਹਿਯੋਗ ਕੀਤਾ ਜਾਵੇ ਅਤੇ ਵੋਟਾਂ ਬਣਾਉਣ ਦੇ ਕਾਰਜ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੀ ਵੋਟਰ ਸੂਚੀ ਦੀ ਤਿਆਰੀ ਲਈ ਰੀ-ਸ਼ੈਡਿਊਲ ਤਹਿਤ ਵੋਟਰ ਰਜਿਸਟਰੇਸ਼ਨ ਦਾ ਕੰਮ ਮਿਤੀ 21 ਅਕਤੂਬਰ 2023 ਤੋਂ ਸ਼ੁਰੂ ਕੀਤਾ ਗਿਆ ਸੀ, ਜ਼ੋ ਕਿ 29 ਫਰਵਰੀ 2024 ਤੱਕ ਜਾਰੀ ਰਹੇਗਾ।ਇਸ ਮੌਕੇ ਵੱਖ-ਵੱਖ ਬੂਥਾਂ ’ਤੇ ਸਬੰਧਤ ਪਿੰਡਾਂ ਦੇ ਪਟਵਾਰੀ/ਕਾਨੂੰਗੋ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ । ਜਿਨ੍ਹਾਂ ਕੋਲ ਐਸ.ਜੀ.ਪੀ.ਸੀ. ਦੀ ਵੋਟਾਂ ਬਣਾਉਣ ਲਈ ਭਰੇ ਗਏ ਫਾਰਮ/ਰਜਿਸਟਰ ਤੋਂ ਇਲਾਵਾ ਨਵੀਆਂ ਵੋਟਾਂ ਬਣਾਉਣ ਲਈ ਖਾਲੀ ਫਾਰਮ ਵੀ ਮੌਜੂਦ ਸਨ। ਹਾਜਰੀਨ ’ਚ ਐੱਸ.ਡੀ.ਐਮ ਲੁਧਿਆਣਾ ਪੱਛਮੀ ਹਰਜਿੰਦਰ ਸਿੰਘ ਬੇਦੀ, ਸੁਦਾਗਰ ਸਿੰਘ ਸਰਾਭਾ, ਸਰਪੰਚ ਸੁਰਿੰਦਰ ਸਿੰਘ ਕੈਲਪੁਰ, ਨੰਬਰਦਾਰ ਸਤਿਨਾਮ ਸਿੰਘ ਬੜੈਚ, ਸਾਬਕਾ ਸਰਪੰਚ ਤੇਜਾ ਸਿੰਘ ਬੜੈਚ, ਸਾਬਕਾ ਸਰਪੰਚ ਹਰਕੇਵਲ ਸਿੰਘ ਰਾਏ, ਦਰਸ਼ਨ ਸਿੰਘ ਅਕਾਲੀ ਸਮੇਤ ਹੋਰ ਵੀ ਹਾਜਰ ਸਨ।