ਐਸਡੀਐਮ ਵੱਲੋਂ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਸੈਦਪੁਰਾ ਦਾ ਦੌਰਾ, ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼

  • ਦੋ ਐਮ ਐਲ ਡੀ ਸਮਰੱਥਾ ਵਾਲਾ ਸੀ ਈ ਟੀ ਪੀ ਡੇਰਾਬੱਸੀ ਦੀਆਂ ਫਾਰਮਾ ਇਕਾਈਆਂ ਅਤੇ ਸੈਦਪੁਰਾ ਦਾ ਗੰਦਾ ਪਾਣੀ ਸੋਧੇਗਾ
  • ਸੋਧੇ ਪਾਣੀ ਨੂੰ ਉਦਯੋਗਾਂ ਵਿੱਚ ਮੁੜ ਵਰਤਿਆ ਜਾਵੇਗਾ

ਡੇਰਾਬੱਸੀ, 25 ਜੂਨ : ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਗਤੀ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਸੈਦਪੁਰਾ ਦਾ ਦੌਰਾ ਕਰਕੇ ਦੋ ਐਮ ਐਲ ਡੀ ਸਮਰੱਥਾ ਵਾਲੇ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਹਿਮਾਂਸ਼ੂ ਜੈਨ ਨੇ ਦੱਸਿਆ ਕਿ ਡੇਰਾਬੱਸੀ ਦੇ ਫਾਰਮਾਸਿਊਟੀਕਲ ਉਦਯੋਗਾਂ ਦੇ ਗੰਦੇ ਨਿਕਾਸੀ ਪਾਣੀ ਦੇ ਨਿਕਾਸ ਨੂੰ ਜ਼ੀਰੋ ਲਿਕਵਿਡ ਡਿਸਚਾਰਜ ਪਾਲਿਸੀ ਤਹਿਤ ਲਿਆਉਣ ਦੇ ਮਕਸਦ ਨਾਲ 80 ਕਰੋੜ ਰੁਪਏ ਲਾਗਤ ਦਾ ਇਹ ਪ੍ਰੋਜੈਕਟ ਕਰੀਬ 6-7 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਕੰਮ ਸਮੇਂ ਸਿਰ ਨੇਪਰੇ ਨਹੀਂ ਚੜ੍ਹ ਸਕਿਆ। ਹੁਣ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਜੈਕਟ ਦੀ ਨਿਯਮਤ ਨਿਗਰਾਨੀ ਨੇ ਪ੍ਰਾਜੈਕਟ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ ਅਤੇ ਇਹ ਇਸ ਸਾਲ ਨਵੰਬਰ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਸੀ ਈ ਟੀ ਪੀ ਦੋ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ, ਪਹਿਲਾ ਪੜਾਅ ਨਵੰਬਰ 2023 ਤੱਕ 2 ਮਿਲੀਅਨ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਨਾਲ ਪੂਰਾ ਕਰ ਲਿਆ ਜਾਵੇਗਾ ਜਦਕਿ ਦੂਜੇ ਪੜਾਅ ਵਿੱਚ ਸਨਅਤਾਂ ਵਿੱਚ ਵਾਧੇ ਨੂੰ ਮੁੱਖ ਰੱਖਦਿਆਂ ਭਵਿੱਖੀ ਲੋੜਾਂ ਲਈ 3 ਮਿਲੀਅਨ ਲੀਟਰ ਪ੍ਰਤੀ ਦਿਨ ਸਮਰੱਥਾ ਦਾ ਹੋਰ ਵਾਧਾ ਕੀਤਾ ਜਾਵੇਗਾ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਕਾਰਜਕਾਰੀ ਇੰਜੀਨੀਅਰ ਗੁਰਸ਼ਰਨ ਗੁਪਤਾ, ਐਸ ਡੀ ਓ ਪਿਊਸ਼ ਅਤੇ ਜੇ ਈ ਨਗਰ ਕੌਂਸਲ ਡੇਰਾਬੱਸੀ ਦੇ ਨਾਲ ਜਾਇਜ਼ਾ ਲੈਣ ਪੁੱਜੇ ਐਸ ਡੀ ਐਮ ਗੁਪਤਾ ਨੇ ਦੱਸਿਆ ਕਿ ਇਕੁਆਲਾਈਜ਼ੇਸ਼ਨ ਟੈਂਕ ਦੀ ਸਿਵਲ ਉਸਾਰੀ ਦਾ 95 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ।  ਇਸ ਤੋਂ ਇਲਾਵਾ ਐੱਮ.ਬੀ.ਬੀ.ਆਰ. ਟੈਂਕੀਆਂ ਅਤੇ ਟਰੀਟਡ ਵਾਟਰ ਟੈਂਕ ਦੇ ਕਾਲਮ ਦੀ ਮਜ਼ਬੂਤੀ ਦਾ ਕੰਮ ਪ੍ਰਕਿਰਿਆ ਅਧੀਨ ਸੀ।  ਇਸੇ ਤਰ੍ਹਾਂ ਬਾਇਲਰ ਖੇਤਰ ਅਤੇ ਐਮ.ਈ.ਈ. ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।  ਕੰਪਨੀ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੰਮ ਪੂਰਾ ਕਰਨ ਲਈ ਕਿਹਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਫਾਰਮਾਸਿਊਟੀਕਲ ਇੰਡਸਟਰੀ ਦੇ ਗੰਦੇ ਪਾਣੀ ਦੇ ਨਾਲ-ਨਾਲ ਪਿੰਡ ਸੈਦਪੁਰਾ ਦੇ ਨਿਕਾਸੀ ਪਾਣੀ ਨੂੰ ਵੀ ਸਾਈਟ 'ਤੇ ਹੀ ਟ੍ਰੀਟ ਕੀਤਾ ਜਾਵੇਗਾ। ਫਾਰਮਾਸਿਊਟੀਕਲ ਉਦਯੋਗਾਂ ਦੇ ਗੰਦੇ ਪਾਣੀ ਨੂੰ ਟੈਂਕਰਾਂ ਰਾਹੀਂ ਲਿਆਂਦਾ ਜਾਵੇਗਾ ਅਤੇ ਟ੍ਰੀਟ ਕੀਤਾ ਗਿਆ ਪਾਣੀ ਕੰਪਨੀਆਂ ਨੂੰ ਉਨ੍ਹਾਂ ਦੇ ਅਹਾਤੇ ਅੰਦਰ ਵਰਤੋਂ ਲਈ ਵਾਪਸ ਭੇਜਿਆ ਜਾਵੇਗਾ। ਫਾਰਮਾ ਇੰਡਸਟਰੀਜ਼ ਦੇ ਕੰਸੋਰਸ਼ੀਅਮ ਦੇ ਨੁਮਾਇੰਦੇ ਡਾ. ਅਸ਼ਵਨੀ ਵਿੱਗ ਅਤੇ ਪ੍ਰੋਜੈਕਟ ਇੰਚਾਰਜ ਮੁਕੇਸ਼ ਨੇ ਕਿਹਾ ਕਿ ਇਹ ਅਤਿ ਆਧੁਨਿਕ ਪਲਾਂਟ ਹੋਵੇਗਾ ਕਿਉਂਕਿ ਸੋਧਿਆ ਗਿਆ ਪਾਣੀ ਪੀ ਪੀ ਸੀ ਬੀ ਦੁਆਰਾ ਨਿਰਧਾਰਤ ਮਾਪਦੰਡਾਂ ਨਾਲੋਂ ਵੀ ਵਧੇਰੇ ਸਾਫ਼ ਹੋਵੇਗਾ।